collect water sewerage bill corporation: ਲੁਧਿਆਣਾ (ਤਰਸੇਮ ਭਾਰਦਵਾਜ)- ਜਲਦੀ ਹੀ ਲੁਧਿਆਣਾ ਸ਼ਹਿਰ ‘ਚ 50 ਵਰਗ ਗਜ ਤੱਕ ਦੇ ਮਕਾਨਾਂ ਤੋਂ ਪਾਣੀ-ਸੀਵਰੇਜ ਬਿੱਲ ਵਸੂਲਿਆਂ ਜਾਵੇਗਾ। ਇਸ ਦੇ ਲਈ ਨਿਗਮ ਨੇ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਪਾਣੀ ਸੀਵਰੇਜ ਦੇ ਨਵੇਂ ਟੈਰਿਫ ਪਲਾਨ ਨੂੰ ਮਨਜ਼ੂਰੀ ਦੇ ਲਈ ਮੰਗਲਵਾਰ ਭਾਵ 10 ਨਵੰਬਰ ਨੂੰ ਹੋਣ ਵਾਲੀ ਨਗਰ ਨਿਗਮ ਮੀਟਿੰਗ ‘ਚ ਇਹ ਪ੍ਰਸਤਾਵ ਰੱਖਿਆ ਜਾਵੇਗਾ। ਦਰਅਸਲ ਨਗਰ ਨਿਗਮ ਪ੍ਰਸ਼ਾਸਨ ਵਲੋਂ ਪਾਣੀ, ਸੀਵਰੇਜ਼ ਬਿੱਲਾਂ ਦੀਆਂ ਦਰਾਂ ਵਧਾਉਣ ਲਈ ਪਿਛਲੇ ਸਾਲ ਤਿਆਰ ਕੀਤਾ ਪ੍ਰਸਤਾਵ ਇਕ ਵਾਰ ਫਿਰ 10 ਨਵੰਬਰ ਨੂੰ ਰੋਜ ਗਾਰਡਨ ਵਿਖੇ ਹੋਣ ਵਾਲੀ ਜਨਰਲ ਹਾਊਸ ਮੀਟਿੰਗ ‘ਚ ਪੇਸ਼ ਕੀਤਾ ਜਾਵੇਗਾ। ਜੇਕਰ ਮੀਟਿੰਗ ਦੌਰਾਨ ਪ੍ਰਸਤਾਵ ਨੂੰ ਮਨਜੂਰੀ ਮਿਲ ਗਈ ਤਾਂ ਰਾਜ ਸਰਕਾਰ ਵਲੋਂ 2006 ਤੋਂ 125 ਵਰਗ ਗਜ ਦੇ ਰਿਹਾਇਸ਼ੀ ਮਕਾਨਾਂ ਨੂੰ ਪਾਣੀ, ਸੀਵਰੇਜ਼ ਬਿੱਲਾਂ ਤੋਂ ਦਿੱਤੀ ਮੁਆਫ਼ੀ ਦੀ ਸਹੂਲਤ ਖ਼ਤਮ ਹੋ ਜਾਵੇਗੀ। ਭਵਿੱਖ ‘ਚ ਸਿਰਫ਼ 50 ਵਰਗ ਗਜ ਦੇ ਰਿਹਾਇਸ਼ੀ ਮਕਾਨਾਂ ਨੂੰ ਹੀ ਇਹ ਸਹੂਲਤ ਮਿਲ ਸਕੇਗੀ।
ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਿਹਾਇਸ਼ੀ ਤੇ ਵਪਾਰਕ ਬਿੱਲਾਂ ਵਿਚ 50 ਫੀਸਦੀ ਤੋਂ ਵੱਧ ਦਾ ਵਾਧਾ ਪ੍ਰਸਤਾਵ ਪਾਸ ਹੋਣ ‘ਤੇ ਹੋ ਜਾਵੇਗਾ ਤੇ ਤਹਿ ਸਮੇਂ ‘ਚ ਵਾਟਰ ਮੀਟਰ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਤਹਿ ਸਮੇਂ ‘ਚ ਮੀਟਰ ਨਾ ਲਗਵਾਇਆ ਤਾਂ 100 ਫੀਸਦੀ ਜੁਰਮਾਨੇ ਨਾਲ ਬਿੱਲ ਵਸੂਲੇ ਜਾਣਗੇ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਵਲੋਂ ਬਕਾਇਆ ਪਾਣੀ, ਸੀਵਰੇਜ਼ ਬਿੱਲਾਂ ਦੀ 200 ਕਰੋੜ ਰਕਮ ਵਸੂਲਣ ਦਾ ਕੰਮ ਨਿਜੀ ਕੰਪਨੀ ਨੂੰ ਸੌਾਪਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹਰ ਸਾਲ 25 ਕਰੋੜ ਤੋਂ ਬਾਅਦ ਜੋ ਰਕਮ ਨਿਜੀ ਕੰਪਨੀ ਰਿਕਵਰੀ ਕਰੇਗੀ ਦਾ 15 ਫ਼ੀਸਦੀ ਹਿੱਸਾ ਨਿਜੀ ਕੰਪਨੀ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ‘ਚ ਪਾਣੀ ਸਪਲਾਈ ਲਈ ਪਾਈਪਾਂ ਵਿਛਾਈਆਂ ਹੋਈਆਂ, ਉਥੇ ਚਾਹੇ ਕਿਸੇ ਨੇ ਨਗਰ ਨਿਗਮ ਤੋਂ ਕੁਨੈਕਸ਼ਨ ਨਹੀਂ ਲਿਆ ਤਾਂ ਵੀ ਕੁਲ ਬਿੱਲ ਦਾ 50 ਫ਼ੀਸਦੀ ਹਿੱਸਾ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 24 ਘੰਟੇ ਪਾਣੀ ਸਪਲਾਈ ਦਾ ਪ੍ਰਬੰਧ ਹੋ ਜਾਣ ‘ਤੇ ਵਾਟਰ ਮੀਟਰ ਰਾਹੀਂ ਵਰਤੇ ਗਏ ਪਾਣੀ ਦਾ ਬਿੱਲ ਵਸੂਲੇ ਜਾਣ ਦਾ ਪ੍ਰਸਤਾਵ ਹੈ।