Control room established for Oxygen monitoring: ਲੁਧਿਆਣਾ (ਤਰਸੇਮ ਭਾਰਦਵਾਜ)- ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੁਧਿਆਣਾ ਦੇ ਸਾਰੇ ਵੱਡੇ ਹਸਪਤਾਲਾਂ ਨਾਲ ਇਕ ਵਰਚੂਅਲ ਮੀਟਿੰਗ ਰਾਹੀਂ ਲੁਧਿਆਣਾ ‘ਚ ਆਕਸੀਜਨ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਉਪਰੰਤ ਪ੍ਰਸ਼ਾਸਨ ਵਲੋਂ ਆਕਸੀਜਨ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ। ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਆਕਸੀਜਨ ਸਪਲਾਈ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਵਿਡ-19 ਮਰੀਜ਼ ਲਈ ਆਕਸੀਜਨ ਪਹੁੰਚਾਉਣੀ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇ ਤੇ ਇਸ ਬੇਮਿਸਾਲ ਸੰਕਟ ਦੇ ਮੱਦੇਨਜ਼ਰ ਉਦਯੋਗਿਕ ਗਤੀਵਿਧੀਆਂ ਪ੍ਰਤੀ ਆਕਸੀਜਨ ਦੀ ਕੋਈ ਜ਼ਰੂਰਤ ਨਹੀਂ ਹੋਣੀ ਚਾਹੀਦੀ।
ਆਕਸੀਜਨ ਨਾਲ ਸਬੰਧਿਤ ਮਾਮਲਿਆਂ ਦੇ ਨਿਪਟਾਰੇ ਲਈ ਅਮਿਤ ਬਾਂਬੀ ਪੀ.ਸੀ.ਐਸ. ਅਤੇ ਜੇ. ਐਲਨਚੇਜ਼ੀਅਨ ਸੰਯੁਕਤ ਸੀ.ਪੀ. ਸਥਾਨਕ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ, ਤਾਂ ਜੋ ਹਸਪਤਾਲਾਂ ‘ਚ ਤੇ ਆਸ-ਪਾਸ ਲੁਧਿਆਣਾ ਵਿਚਲੇ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਆਕਸੀਜਨ ਲਈ ਹੈਲਪਲਾਈਨ ਨੰਬਰ 78370-18500 ਅਤੇ 0161-2421091, 24 ਘੰਟੇ ਚਾਲੂ ਰਹਿਣਗੇ ਤੇ ਪੁਲਿਸ ਕੰਟਰੋਲ ਰੂਮ ਲੁਧਿਆਣਾ ਤੋਂ ਕੰਮ ਕਰਨਗੇ। ਜਿਹੜਾ ਵੀ ਵਿਅਕਤੀ ਕੋਵਿਡ ਮਰੀਜ਼ਾਂ ਲਈ ਲੁਧਿਆਣਾ ‘ਚ ਆਕਸੀਜਨ ਸਿਲੰਡਰ ਲੈਣ ‘ਚ ਕਿਸੇ ਮੁਸ਼ਕਿਲ ਦਾ ਸਾਹਮਣਾ ਕਰ ਰਿਹਾ ਹੈ, ਉਹ ਇਹ ਹੈਲਪਲਾਈਨ ਨੰਬਰ ਡਾਇਲ ਕਰ ਸਕਦਾ ਹੈ ਅਤੇ ਅਦਾਇਗੀ ਦੇ ਅਧਾਰ ‘ਤੇ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਉਪਲਬਧ ਕਰਵਾਏ ਜਾਣਗੇ।ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਲੁਧਿਆਣਾ ‘ਚ ਆਕਸੀਜਨ ਲਿਜਾਣ ਵਾਲੇ ਵਾਹਨਾਂ ਨੂੰ ਹਰਾ ਗਲਿਆਰਾ ਵੀ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਆਕਸੀਜਨ ਵਾਲੇ ਵਾਹਨ ਤੁਰੰਤ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।
ਇਹ ਵੀ ਦੇਖੋ–
ਕਿਵੇਂ ਬਣਦੀ ਹੈ Oxygen? ਹਸਪਤਾਲਾਂ ‘ਚ ਸਪਲਾਈ ਹੋਣ ਤੋਂ ਕੌਣ ਰੋਕ ਰਿਹਾ ? ਦੇਖੋ ਇਹ ਖ਼ਾਸ ਰਿਪੋਰਟ