corona epidemic family death ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਅਖਤਿਆਰ ਰੂਪ ਧਾਰਨ ਕਰ ਲਿਆ ਹੈ।ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਹੈ।ਡਾਬਾ ਰੋਡ ‘ਤੇ 6 ਦਿਨ ਵਿਚ ਇਕ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਚੁੱਕੀ ਹੈ।
ਇਲਾਕੇ ਦੇ ਪ੍ਰਸਿੱਧ ਨਿਰਮਲ ਪੈਲੇਸ ਦੇ ਮਾਲਕਾਂ ਵਿਚ ਪਰਿਵਾਰ ਦੇ 3 ਜੀਅ ਇਸ ਮਹਾਮਾਰੀ ਕਾਰਣ ਮੌਤ ਦੀ ਨੀਂਦ ਸੋ ਗਏ। ਇਸ ਤੋਂ ਇਲਾਵਾ ਅਮਰਪੁਰਾ ਇਲਾਕੇ ਦੇ ਤਾਂ ਬਜ਼ੁਰਗ ਪਤੀ-ਪਤਨੀ ਵਾਇਰਸ ਦੀ ਲਪੇਟ ਵਿਚ ਆ ਕੇ ਦੁਨੀਆ ਤੋਂ ਰੁਖਸਤ ਹੋ ਗਏ ਪਰ ਪ੍ਰਸ਼ਾਸਨ ਦੀ ਸੁਣੋ ਤਾਂ ਉਸ ਦੇ ਮੁਤਾਬਕ ਹਾਲਾਤ ਕਾਬੂ ਵਿਚ ਹਨ।ਸੋਮਵਾਰ ਨੂੰ ਮਹਾਨਗਰ ਵਿਚ 18 ਅੰਡਰ ਟ੍ਰਾਇਲ, 18 ਹੈਲਥ ਕੇਅਰ ਵਰਕਰ, 4 ਗਰਭਵਤੀ ਔਰਤਾਂ ਵਾਇਰਸ ਤੋਂ ਪੀੜਤ ਪਾਈਆਂ ਗਈਆਂ ਜਦੋਂਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ 70 ਹੋਰ ਵਿਅਕਤੀ ਪਾਜ਼ੇਟਿਵ ਹੋ ਗਏ ਹਨ। ਮਹਾਨਗਰ ਵਿਚ ਮੰਗਲਵਾਰ ਨੂੰ 247 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 17 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿਚ 230 ਜ਼ਿਲ੍ਹੇ ਦੇ ਰਹਿਣ ਵਾਲੇ ਜਦੋਂਕਿ 17 ਮ੍ਰਿਤਕ ਮਰੀਜ਼ਾਂ ‘ਚੋਂ 4 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਹੁਣ ਤੱਕ ਜ਼ਿਲ੍ਹੇ ਵਿਚ 6823 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 257 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ‘ਚੋਂ 740 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ਮਰੀਜ਼ਾਂ ‘ਚੋਂ 58 ਮਰੀਜ਼ ਅਣਆਈ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।