Corona mobile testing bus Civil Surgeon: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਨਾਲ ਨਜਿੱਠਣ ਲਈ ਮਹਾਨਗਰ ‘ਚ ਪ੍ਰਸ਼ਾਸਨ ਵੱਲੋਂ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੋਰੋਨਾ ਟੈਸਟਿੰਗ ਮੋਬਾਈਲ ਕਲੀਨਿਕ ਤੇ ਐਬੂਲੈਂਸ ਵੈਨਾਂ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵੈਨਾਂ ਇਕ ਫਲੂ ਕਾਰਨਰ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ। ਇਸ ਦੌਰਾਨ ਜਿੱਥੇ ਲੋਕਾਂ ਦੀ ਘਰ-ਘਰ ਜਾ ਕੇ ਟੈਸਟਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਨੂੰ ਇਸ ਬਿਮਾਰੀ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਖੁਦ ਨੂੰ ਬਚਾਉਣ ਅਤੇ ਹੋਰਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਇਸ ਲੜ੍ਹਾਈ ‘ਚ ਲੁਧਿਆਣਾ ਪ੍ਰਸ਼ਾਸ਼ਨ ਲੋਕਾਂ ਦੇ ਨਾਲ ਹਰ ਸਮੇਂ ਖੜ੍ਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਚੇਨ ਨੂੰ ਤੋੜਨ ਲਈ ਇਹ ਇਕ ਕਾਰਗਾਰ ਪ੍ਰਣਾਲੀ ਸਾਬਿਤ ਹੋਵੇਗੀ।
ਮੋਬਾਈਲ ਕਲੀਨਿਕ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਡਾ. ਬੱਗਾ ਨੇ ਦੱਸਿਆ ਕਿ ਮੋਬਾਈਲ ਕਲੀਨਿਕ ‘ਚ ਨੱਕ ਅਤੇ ਮੂੰਹ ਰਾਹੀਂ (ਨਾਸੋਫੈਰਨੀਜਲ ਅਤੇ ਓਰੋਫੈਰੈਂਜਲ ਸਵੈਬ) ਟੈਸਟਾਂ ਵਾਲੀ ਬਿਨਾਂ ਸੰਪਰਕ ਵਾਲੀ ਥਰਮਲ ਟੈਸਟਿੰਗ ਹੁੰਦੀ ਹੈ। ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਇਸ ਮੋਬਾਈਲ ਯੂਨਿਟ ‘ਚ ਗੰਭੀਰ ਮਰੀਜ਼ਾਂ ਨੂੰ ਲਿਜਾਣ ਲਈ ਐਬੂਲੈਂਸ ਜ਼ੋਨ ਵੀ ਹੈ। ਇਸ ‘ਚ ਮਿਸ਼ਨ ਫਤਿਹ ਪੰਜਾਬ ਦੀ ਪ੍ਰਾਪਤੀ ਲਈ ਖਾਸ ਤੌਰ ‘ਤੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ‘ਚ ਮਰੀਜ਼ਾਂ ਦੇ ਘਰਾਂ ਤੋਂ ਰੋਜ਼ਾਨਾ 1000 ਤੋਂ ਵੱਧ ਨਮੂਨੇ ਲੈਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ‘ਚ ਅਜਿਹੀਆਂ 5 ਐਬੂਲੈਂਸ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਰੋਜ਼ਾਨਾ ਚਾਰ ਹਜ਼ਾਰ ਤੋਂ ਵੱਧ ਸੈਂਪਲ ਲਏ ਜਾ ਰਹੇ ਹਨ।