corona patients dengue victims: ਲੁਧਿਆਣਾ (ਤਰਸੇਮ ਭਾਰਦਵਾਜ)-ਹੁਣ ਸਿਹਤ ਵਿਭਾਗ ਲਈ ਇਕ ਹੋਰ ਵੱਡੀ ਚਿੰਤਾ ਉਸ ਸਮੇਂ ਪੈਦਾ ਹੋ ਗਈ ਜਦੋਂ ਇੱਥੇ ਠੀਕ ਹੋ ਚੁੱਕੇ ਕੋਰੋਨਾ ਮਰੀਜ਼ ਹੁਣ ਡੇਂਗੂ ਦੀ ਚਪੇਟ ‘ਚ ਆਉਣੇ ਸ਼ੁਰੂ ਹੋ ਗਏ ਹਨ। ਕੁਝ ਹਸਪਤਾਲਾਂ ‘ਚ ਹਫਤਾਭਰ ‘ਚ 2-3 ਮਾਮਲੇ ਅਜਿਹੇ ਮਿਲੇ ਹਨ। ਇਨ੍ਹਾਂ ਮਾਮਲਿਆਂ ਦੇ ਵੱਧਣ ਦਾ ਕਾਰਨ ਇਮਊਨਿਟੀ ਘੱਟ ਹੋਣਾ ਮੰਨਿਆ ਜਾ ਰਿਹਾ ਹੈ। ਅਜਿਹੇ ‘ਚ ਹੁਣ ਇਨ੍ਹਾਂ ਮਰੀਜ਼ਾਂ ਦੀ ਇਮਊਨਿਟੀ ਹੋਰ ਵੀ ਜਿਆਦਾ ਘੱਟਣ ਦੀ ਸੰਭਾਵਨਾ ਹੈ। ਇਸ ਕਾਰਨ ਇਨ੍ਹਾਂ ਦੀ ਰਿਕਵਰੀ ‘ਚ ਜਿਆਦਾ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਵੀਰਵਾਰ ਨੂ ਜ਼ਿਲ੍ਹੇ ‘ਚ ਡੇਂਗੂ ਦੇ 24 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚ 23 ਲੁਧਿਆਣਾ ਦੇ ਅਤੇ 1 ਬਾਹਰੀ ਜ਼ਿਲ੍ਹੇ ਦਾ ਦੱਸਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 1322 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਸ਼ਹਿਰ ਦੇ 1074 ਮਰੀਜ਼ ਹਨ। ਜ਼ਿਲ੍ਹੇ ‘ਚ ਡੇਂਗੂ ਦੇ ਕੁੱਲ ਮਰੀਜ਼ 819 ਦੱਸੇ ਜਾ ਰਹੇ ਹਨ, ਜਿਨ੍ਹਾਂ ‘ਚ ਲੁਧਿਆਣਾ ਦੇ 658 ਹਨ। ਹੋਰ ਜ਼ਿਲ੍ਹਿਆਂ ਅਤੇ ਬਾਹਰੀ ਜ਼ਿਲ੍ਹਿਆਂ ਦੇ 26 ਮਰੀਜ਼ ਡੇਂਗੂ ਦੇ ਹਨ.
ਕੋਰੋਨਾਵਾਇਰਸ ਤੋਂ ਰਿਕਵਰ ਹੋਣ ਤੋਂ ਬਾਅਦ ਡੇਂਗੂ ਪਾਜ਼ੀਟਿਵ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਡੇਂਗੂ ਦੇ ਕਈ ਮਾਮਲਿਆਂ ‘ਚ ਪਲੇਟਲੈਟਸ ਬਹੁਤ ਘੱਟ ਵਾਲੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਘਰ ‘ਚ ਮੱਛਰਾਂ ਨੂੰ ਨਾ ਪੈਦਾ ਹੋਣ ਦਿਉ। ਜੇਕਰ ਘਰ ਦੀ ਛੱਤ ‘ਤੇ ਗਮਲੇ ਰੱਖੇ ਹੋਏ ਹਨ ਤਾਂ ਉਨ੍ਹਾਂ ‘ਚ ਵੀ ਮੱਛਰ ਪੈਦਾ ਨਾ ਹੋਣ ਦਿਉ।
ਕੋਰੋਨਾ ਸਥਿਤੀ-ਸਿਵਲ ਸਰਜਨ ਦੇ ਮੁਤਾਬਕ ਹੁਣ ਤੱਕ 19484 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 812 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2543 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ 293 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ’ਚ 18279 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਜ਼ਿਲੇ ਵਿਚ ਮੌਜੂਦਾ ’ਚ 393 ਐਕਟਿਵ ਮਰੀਜ਼ ਰਹਿ ਗਏ ਹਨ। ਜ਼ਿਲੇ ’ਚ ਹੁਣ ਤੱਕ 340189 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 388853 ਵਿਅਕਤੀਆਂ ਦੇ ਟੈਸਟ ਦੀ ਰਿਪੋਰਟ ਸਿਹਤ ਵਿਭਾਗ ਨੂੰ ਮਿਲ ਚੁੱਕੀ ਹੈ। ਇਨ੍ਹਾਂ ’ਚੋਂ 316826 ਵਿਅਕਤੀਆਂ ਦੇ ਟੈਸਟ ਨੈਗੇਟਿਵ ਆ ਚੁੱਕੇ ਹਨ।