corona patients james hotel: ਚੰਡੀਗੜ੍ਹ ਸ਼ਹਿਰ ‘ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇੱਥੇ ਹਰ ਰੋਜ਼ 75 ਤੋਂ 80 ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਚੱਲਦਿਆਂ ਹੁਣ ਕੋਰੋਨਾ ਮਰੀਜ਼ਾਂ ਨੂੰ ਸੰਭਾਲਣ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੇ ਮੱਦੇਨਜ਼ਰ ਹੁਣ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਪ੍ਰਸ਼ਾਸਨ ਵੱਲੋਂ ਜੇਮਸ ਹੋਟਲ ‘ਚ ਵੀ ਕੋਰੋਨਾ ਮਰੀਜ਼ਾਂ ਨੂੰ ਰੱਖਿਆ ਜਾਵੇਗਾ ਪਰ ਇਸ ਦੇ ਲਈ ਚਾਰਜਿਸ ਦੇਣਾ ਪਵੇਗਾ। ਇਹ ਚਾਰਜਿਸ ਸਹੂਲਤਾਂ ਦੇ ਆਧਾਰ ‘ਤੇ ਤੈਅ ਕੀਤੇ ਗਏ ਹਨ। ਇਸ ਦਾ ਮਤਲਬ ਕਿ ਇਸ ਦੇ ਲਈ ਮਰੀਜ਼ ਨੂੰ ਜੋ ਵੀ ਚਾਰਿਜਸ ਤੈਅ ਕੀਤੇ ਜਾਣਗੇ, ਉਹ ਦੇਣੇ ਹੋਣਗੇ। ਈਡਨ ਹਸਪਤਾਲ ‘ਚ ਵੀ ਕੋਵਿਡ ਮਰੀਜ਼ ਦਾ ਇਲਾਜ ਕੀਤਾ ਜਾਵੇਗਾ।
ਬੀਤੇ ਦਿਨ ਭਾਵ ਵੀਰਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਬਦਨੌਰ ਦੀ ਪ੍ਰਧਾਨਗੀ ‘ਚ ਪੰਜਾਬ ਰਾਜਭਵਨ ‘ਚ ਮੀਟਿੰਗ ਹੋਈ। ਇਸ ‘ਚ ਐਡਵਾਇਜ਼ਰੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 8,9,10 ‘ਚ ਲਗਭਗ 600 ਬੈੱਡ ਹਨ। ਇਹ ਬੈੱਡ ਮਾਮੂਲੀ ਅਤੇ ਅਸਪੱਸ਼ਟ ਪੀੜਤ ਮਰੀਜ਼ਾਂ ਲਈ ਵਰਤੇ ਜਾਣਗੇ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਸ਼ਾਸਕ ਨੇ ਪੀ.ਜੀ.ਆਈ ਅਤੇ ਜੀ.ਐੱਮ.ਸੀ.ਐੱਚ ਸੈਕਟਰ-32 ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਇੱਥੇ 100-100 ਬੈੱਡ ਦੀ ਵਾਧੂ ਸਹੂਲਤ ਸਿਰਫ ਯੂ.ਟੀ ਚੰਡੀਗੜ੍ਹ ਦੇ ਮਰੀਜ਼ਾਂ ਲਈ ਤਿਆਰ ਕਰਨ।
ਦੱਸਣਯੋਗ ਹੈ ਕਿ ਅਗਲੇ ਮੰਗਲਵਾਰ ਨੂੰ ਪ੍ਰਸ਼ਾਸਕ ਨਿਗਮ ਦੇ ਕਾਊਂਸਲਰਾਂ ਦੇ ਨਾਲ ਪ੍ਰਸ਼ਾਸਕ ਮੀਟਿੰਗ ਕਰਨਗੇ। ਵੀਡੀਓ ਕਾਨਫਰੈਸਿੰਗ ਰਾਹੀਂ ਹੋਣ ਵਾਲੀ ਮੀਟਿੰਗ ‘ਚ ਚੰਡੀਗੜ੍ਹ ‘ਚ ਕੋਵਿਡ ਮੈਨੇਜਮੈਂਟ ਨੂੰ ਲੈ ਕੇ ਚਰਚਾ ਹੋਵੇਗੀ, ਇਸ ‘ਚ ਸੰਸਦ ਮੈਂਬਰ ਕਿਰਨ ਖੇਰ ਵੀ ਹਿੱਸਾ ਲਵੇਗੀ। ਇਸ ‘ਚ ਚੰਡੀਗੜ੍ਹ ‘ਚ ਕੋਰੋਨਾ ਮਾਮਲਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੋਂ ਅੱਗੇ ਕੰਮ ਕਰਨਾ ਹੈ ਇਸ ਨੂੰ ਲੈ ਕੇ ਕਾਊਂਸਲਰਾਂ ਦੇ ਸੁਝਾਅ ਲਏ ਜਾਣਗੇ।
ਦੱਸ ਦੇਈਏ ਕਿ ਪੀ.ਜੀ.ਆਈ ਦੇ ਕੋਵਿਡ ਕੇਅਰ ਸੈਂਟਰ ‘ਚ 149 ਮਰੀਜ਼ ਹਨ, ਜਿਨ੍ਹਾਂ ‘ਚ 57 ਚੰਡੀਗੜ੍ਹ ਦੇ ਅਤੇ ਬਾਕੀ ਨਾਲ ਲੱਗਦੇ ਸੂਬਿਆਂ ਤੋਂ ਹਨ। ਜੀ.ਐੱਮ.ਸੀ.ਐੱਚ ਸੈਕਟਰ-32 ‘ਚ 1229 ਲੋਕਾਂ ਦੀ ਟੈਸਟਿੰਗ ਹਾਲ ਹੀ ‘ਚ ਕੀਤੀ ਗਈ, ਇਨ੍ਹਾਂ ‘ਚੋਂ 122 ਲੋਕ ਪਾਜ਼ੀਟਿਵ ਪਾਏ ਗਏ। ਜੀ.ਐੱਮ.ਸੀ.ਐੱਚ ਸੈਕਟਰ-32 ‘ਚ ਪਿਛਲੇ 6 ਦਿਨਾਂ ‘ਚ 125 ਕੋਵਿਡ ਪਾਜ਼ੀਟਿਵ ਮਰੀਜ਼ਾਂ ਨੂੰ ਟ੍ਰੀਟਮੈਂਟ ਕਰਨ ਤੋਂ ਬਾਅਦ ਠੀਕ ਕਰ ਕੇ ਘਰ ਭੇਜਿਆ ਗਿਆ।