corona patients last rites volunteer positive: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇੱਥੇ ਕੋਰੋਨਾ ਪੀੜਤ ਲਾਸ਼ਾਂ ਦਾ ਸੰਸਕਾਰ ਕਰਨ ਵਾਲਾ ਟ੍ਰੈਫਿਕ ਵਾਲੰਟੀਅਰ ਪ੍ਰਤੀਕ ਵਰਮਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੂੰ ਸੀ.ਐੱਮ.ਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਤ ਦੱਸੀ ਹੈ। ਦੱਸ ਦੇਈਏ ਕਿ ਪ੍ਰਤੀਕ ਵਰਮਾ ਨੂੰ ਸਾਹ ਲੈਣ ‘ਚ ਸਮੱਸਿਆ ਆ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸੀ.ਐੱਮ.ਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਦੱਸਣਯੋਗ ਹੈ ਕਿ ਸ਼ਹਿਰ ਦੇ 7 ਨੌਜਵਾਨ ਜੋ ਪਹਿਲੇ ਟ੍ਰੈਫਿਕ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰਦੇ ਸੀ, ਹੁਣ ਰਾਮਗੜ੍ਹੀਆ ਸ਼ਮਸ਼ਾਨਘਾਟ ‘ਚ ਕੋਰੋਨਾ ਪਾਜ਼ੀਟਿਵ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਦੇ ਹਨ। ਇਨ੍ਹਾਂ ਵੱਲੋਂ ਹੁਣ ਤੱਕ ਲਗਭਗ 400 ਲੋਕਾਂ ਦਾ ਸੰਸਕਾਰ ਕੀਤਾ ਜਾ ਚੁੱਕਾ ਹੈ। ਹੁਣ ਕੋਰੋਨਾ ਪਾਜ਼ੀਟਿਵ ਪਾਏ ਗਏ ਪ੍ਰਤੀਕ ਵਰਮਾ ਵੀ ਇਨ੍ਹਾਂ ‘ਚ ਸ਼ਾਮਿਲ ਸੀ।
ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਸ਼ੁੱਕਰਵਾਰ ਨੂੰ 341 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 300 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ ਜਦਕਿ 17 ਮਰੀਜ਼ਾਂ ਨੇ ਦਮ ਤੋੜਿਆ, ਜਿਨ੍ਹਾਂ ‘ਚੋਂ 14 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ। ਹੁਣ ਤੱਕ ਮਹਾਨਗਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 11,214 ਤੱਕ ਪਹੁੰਚ ਚੁੱਕੀ ਹੈ ਜਦਕਿ 474 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ ਮੌਜੂਦਾ ਸਮੇਂ 1743 ਸਰਗਰਮ ਮਾਮਲੇ ਹਨ।