corona patients start again hospitals: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੋਰੋਨਾ ਦੇ ਮਾਮਲੇ ਫਿਰ ਹੌਲੀ-ਹੌਲੀ ਵੱਧਣ ਲੱਗ ਗਏ ਹਨ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਹਸਪਤਾਲ ‘ਚ ਗੰਭੀਰ ਭਾਵ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਦੀ ਗਿਣਤੀ ‘ਚ ਥੋੜ੍ਹਾ ਜਿਹਾ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 3 ਦਿਨਾਂ ਦੌਰਾਨ ਪ੍ਰਾਈਵੇਟ ਹਸਪਤਾਲਾਂ ‘ਚ 18 ਨਵੇਂ ਮਰੀਜ਼ ਭਰਤੀ ਹੋਏ ਹਨ। ਪਹਿਲਾਂ ਜਿੱਥੇ ਗਿਣਤੀ ‘ਚ ਗਿਰਾਵਟ ਹੋ ਰਹੀ ਸੀ, ਉੱਥੇ ਹੀ ਹੁਣ 29 ਅਕਤੂਬਰ ਤੱਕ 37 ਹੀ ਮਰੀਜ਼ ਭਰਤੀ ਸੀ। ਇਸ ਦੇ ਨਾਲ 3 ਦਿਨਾਂ ‘ਚ ਗਿਣਤੀ ਵੱਧ ਕੇ 55 ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ‘ਚ 29 ਅਕਤੂਬਰ ਨੂੰ 13 ਹੀ ਮਰੀਜ਼ ਭਰਤੀ ਸੀ। ਹੁਣ ਉੱਥੇ ਵੀ ਗਿਣਤੀ ਵੱਧ ਕੇ 20 ਤੱਕ ਪਹੁੰਚ ਚੁੱਕੀ ਹੈ। ਵੈਂਟੀਲੇਟਰ ‘ਚ ਪਹਿਲਾਂ ਲੁਧਿਆਣਾ ਦੇ 2 ਹੀ ਮਰੀਜ਼ ਸੀ ਹੁਣ ਗਿਣਤੀ ਵੱਧ ਕੇ 6 ਤੱਕ ਪਹੁੰਚ ਚੁੱਕੀ ਹੈ।
ਦੱਸਣਯੋਗ ਹੈ ਕਿ ਸ਼ਹਿਰ ‘ਚ 2 ਦਿਨਾਂ ਦੌਰਾਨ ਡਿਸਚਾਰਜ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਵੀ ਗਿਰਾਵਟ ਹੋਈ ਹੈ। 2 ਦਿਨਾਂ ‘ਚ 13 ਹੀ ਮਰੀਜ਼ ਡਿਸਚਾਰਜ ਹੋਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 337 ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਮਾਮਲਿਆਂ ‘ਚੋਂ 195 ਹੋਮ ਆਈਸੋਲੇਸ਼ਨ ‘ਚ ਹਨ ਜਦਕਿ 20 ਸਰਕਾਰੀ ਅਤੇ 55 ਪ੍ਰਾਈਵੇਟ ਹਸਪਤਾਲ ‘ਚ ਭਰਤੀ ਹਨ।
ਬੀਤੇ ਦਿਨ ਭਾਵ ਐਤਵਾਰ ਨੂੰ 80 ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ‘ਚੋਂ 68 ਲੁਧਿਆਣਾ ਦੇ ਅਤੇ 12 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ 5 ਮਰੀਜ਼ਾਂ ਨੇ ਦਮ ਤੋੜਿਆ ਸੀ, ਜਿਨ੍ਹਾਂ ‘ਚੋਂ 1 ਲੁਧਿਆਣਾ ਨਾਲ ਸਬੰਧਿਤ ਹੈ।