Corona recover patients problems: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਭਾਵੇਂ ਕੋਰੋਨਾ ਮਰੀਜ਼ਾਂ ਦੀ ਕਮੀ ਹੋਈ ਹੈ ਪਰ ਹੁਣ ਵੀ ਖਤਰਾ ਹਾਲੇ ਬਰਕਰਾਰ ਹੈ। ਖੁਲਾਸਾ ਹੋਇਆ ਹੈ ਕਿ ਹੁਣ ਤੱਕ ਕੋਰੋਨਾ ਦੇ 19747 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 18654 ਮਰੀਜ਼ ਹੁਣ ਤੱਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਪਰ ਲੈਵਲ-3 (ਜਿਨ੍ਹਾਂ ਨੂੰ ਵੈਂਟੀਲੇਟਰ ਦੀ ਜਰੂਰਤ ਹੁੰਦੀ ਹੈ) ਦੇ ਮਰੀਜ਼ਾਂ ਨੂੰ ਹੁਣ 3 ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ‘ਚੋਂ ਸਾਹ, ਦਿਲ ਅਤੇ ਸਾਈਕਲੌਜੀਕਲ ਸਮੱਸਿਆਵਾਂ ਸ਼ਾਮਿਲ ਹਨ। ਸਾਹ ਲੈਣ ‘ਚ ਸਮੱਸਿਆ ‘ਚ ਫਾਈਬਰੋਸਿਸ ਦੀ ਸਮੱਸਿਆ ਜਿਆਦਾ ਦੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹੇ ‘ਚ ਹੁਣ ਤੱਕ ਪਾਜ਼ੀਟਿਵ ਮਰੀਜ਼ਾਂ ‘ਚ 3 ਫੀਸਦੀ ਮਰੀਜ਼ ਅਜਿਹੇ ਹਨ, ਜੋ ਕਿ ਲੈਵਲ-3 ‘ਚ 14-17 ਦਿਨ ਅਤੇ ਕਈ ਮਾਮਲਿਆਂ ‘ਚ 21 ਦਿਨ ਤੱਕ ਬੀਤਾ ਕਰ ਆਏ ਹਨ ਪਰ ਇਨ੍ਹਾਂ ਨੂੰ ਹੁਣ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ ‘ਚ ਮਾਹਰਾਂ ਨੇ ਰੈਗੂਲਰ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਸਮੇਂ ‘ਤੇ ਬੀਮਾਰੀ ਦਾ ਇਲਾਜ ਕੀਤਾ ਜਾ ਸਕੇ। ਇਸ ਦੇ ਨਾਲ ਹੀ ਇਮਊਨਿਟੀ ਨੂੰ ਬਣਾਈ ਰੱਖਣ ਲਈ ਚੰਗੀ ਖੁਰਾਕ ਅਤੇ ਐਕਸਾਈਜ਼ ਵੀ ਜਰੂਰੀ ਹੈ। ਚੈਸਟ ਸਪੈਸ਼ਲਿਸਟ ਡਾ. ਆਰ.ਕੇ ਗੋਇਲ ਨੇ ਦੱਸਿਆ ਹੈ ਕਿ ਲੈਵਲ-3 ‘ਚ ਰਹਿ ਚੁੱਕੇ ਕੋਵਿਡ-19 ਤੋਂ ਰਿਕਵਰ ਹੋਣ ਵਾਲੇ ਮਰੀਜ਼ਾਂ ‘ਚ ਫੇਫੜਿਆਂ ਦੀ ਸਮੱਸਿਆ ਬਣੀ ਵੀ ਰਹਿ ਸਕਦੀ ਹੈ। ਇੰਟਰਸਟੀਸ਼ੀਅਲ ਫੇਫੜੇ ਦੀ ਬਿਮਾਰੀ ਫੇਫੜਿਆਂ ਨੂੰ ਖਰਾਬ ਕਰ ਦਿੰਦਾ ਹੈ। ਅਜਿਹੇ ‘ਚ ਸਮੇਂ ‘ਤੇ ਧਿਆਨ ਨਾ ਦੇਣ ‘ਤੇ ਸਮੱਸਿਆ ਵੱਧ ਸਕਦੀ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਜ਼ਿਲ੍ਹੇ ‘ਚ ਕੋਵਿਡ-19 ਦੇ 62 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ‘ਚ ਲੁਧਿਆਣਾ ਦੇ 46 ਅਤੇ ਬਾਕੀ ਬਾਹਰੀ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਹਨ। ਇਸ ਦੇ ਨਾਲ ਹੀ ਮੰਗਲਵਾਰ ਨੂੰ 2 ਮਰੀਜ਼ਾਂ ਨੇ ਦਮ ਤੋੜਿਆ ਜਿਨ੍ਹਾਂ ‘ਚ 1 ਲੁਧਿਆਣਾ ਦੇ ਅਤੇ 1 ਅੰਮ੍ਰਿਤਸਰ ਨਾਲ ਸਬੰਧਿਤ ਹੈ। ਜ਼ਿਲ੍ਹੇ ‘ਚ ਹੁਣ ਸਿਰਫ 269 ਸਰਗਰਮ ਮਾਮਲੇ ਹਨ ਜਦਕਿ ਹੁਣ ਤੱਕ 823 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਮਰੀਜ਼ਾਂ ਦੀ ਗਿਣਤੀ 2625 ਤੱਕ ਪਹੁੰਚ ਚੁੱਕੀ ਜਿਨ੍ਹਾਂ ‘ਚੋਂ 81 ਸਰਗਰਮ ਮਾਮਲੇ ਹਨ ਤੇ 299 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ 17 ਮਰੀਜ਼ ਵੈਂਟੀਲੇਟਰ ‘ਤੇ ਹਨ।