Corona Test Government Center: ਜਿੱਥੇ ਲੁਧਿਆਣਾ ‘ਚ ਕੋਰੋਨਾਵਾਇਰਸ ਦਾ ਕਹਿਰ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ, ਉੱਥੇ ਇੱਥੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੋਰੋਨਾ ਟੈਸਟਾਂ ਦੇ 3 ਨਵੇਂ ਸਰਕਾਰੀ ਕੇਂਦਰ ਖੋਲ੍ਹ ਦਿੱਤੇ ਗਏ ਹਨ, ਜਿਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਸਾਂਝੀ ਕੀਤੀ। ਇਹ 3 ਨਵੇਂ ਸਰਕਾਰੀ ਕੇਂਦਰ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਸਥਿਤ ਕਮਿਊਨਿਟੀ ਹੈਲਥ ਸੈਂਟਰ ਆਦਿ ਬਣਾਏ ਗਏ ਹਨ, ਜਿੱਥੇ ਕੋਰੋਨਾ ਟੈਸਟ ਕੀਤੇ ਜਾਣਗੇ। ਹੁਣ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਕੋਵਿਡ ਟੈਸਟ ਕਰਵਾਉਣ ਲਈ ਕੁੱਲ ਸਰਕਾਰੀ ਸਹੂਲਤਾਂ ਦੀ ਗਿਣਤੀ 6 ਹੋ ਜਾਵੇਗੀ।
ਦੱਸਣਯੋਗ ਹੈ ਕਿ ਇਸ ਸਮੇਂ ਸਿਵਲ ਹਸਪਤਾਲ ਲੁਧਿਆਣਾ, ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ ਅਤੇ ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ ਵਿਖੇ ਕੋਵਿਡ ਨਮੂਨੇ ਲਏ ਜਾ ਰਹੇ ਹਨ।