coronavirus cases again increasing: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਫਿਰ ਤੋਂ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ ਹੈ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 426 ਤੱਕ ਪਹੁੰਚ ਗਈ ਹੈ, ਜੋ ਕਿ ਇਕ ਹਫਤਾ ਪਹਿਲਾਂ 200 ਦੇ ਨੇੜੇ ਰਹਿ ਗਏ ਸੀ। ਸਿਹਤ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਨ੍ਹਾਂ ਮੁਤਾਬਕ ਇਸ ਸਮੇਂ 290 ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ, ਜਦਕਿ ਸਰਕਾਰੀ ਹਸਪਤਾਲ ‘ਚ 15 ਅਤੇ ਨਿਜੀ ਹਸਪਤਾਲਾਂ ‘ਚ 62 ਮਰੀਜ਼ ਭਰਤੀ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ‘ਚ ਲੋਕ ਲਾਪਰਵਾਹ ਹੋ ਗਏ ਹਨ ਅਤੇ ਕੋਰੋਨਾ ਨਿਯਮਾਂ ਪ੍ਰਤੀ ਲਾਪਰਵਾਹੀ ਵਰਤ ਰਹੇ ਹਨ।
ਦੱਸ ਦੇਈਏ ਕਿ ਬੀਤੇ ਦਿਨ ਭਾਵ ਮੰਗਲਵਾਰ ਨੂੰ ਜ਼ਿਲ੍ਹੇ ‘ਚ ਕੋਰੋਨਾ ਪੀੜਤ 4 ਮਰੀਜ਼ਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ‘ਚੋਂ ਲੁਧਿਆਣਾ ਦਾ ਸਿਰਫ ਇਕ ਹੀ ਮਰੀਜ਼ ਸ਼ਾਮਿਲ ਹੈ ਅਤੇ 3 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਦੱਸਿਆ ਜਾਂਦਾ ਹੈ ਕਿ ਮੰਗਲਵਾਰ ਨੂੰ 74 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ‘ਚੋਂ 60 ਲੁਧਿਆਣਾ ਦੇ ਅਤੇ 14 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜ਼ਿਲ੍ਹੇ ਭਰ ‘ਚੋ ਹੁਣ ਤੱਕ 20474 ਪਾਜ਼ੀਟਿਵ ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 94 ਫੀਸਦੀ ਲੋਕ ਸਿਹਤਯਾਬ ਹੋ ਚੁੱਕੇ ਹਨ।