counseling bsc honors agriculture pau: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ‘ਚ ਅੰਡਰਗ੍ਰੈਜੂਏਟ, ਇੰਟੀਗ੍ਰੇਟਿਡ ਅਤੇ ਆਨਰਜ਼ ਪ੍ਰੋਗਰਾਮ ਲਈ ਕਾਊਂਸਲਿੰਗ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਬੀ.ਐੱਸ.ਸੀ ਆਨਰਜ਼ ਖੇਤੀਬਾੜੀ ਦੀਆਂ ਸੀਟਾਂ ਲਈ ਕਾਊਸਲਿੰਗ ਹੋਈ। ਇਸ ‘ਚ ਜਨਰਲ, ਐੱਸ.ਸੀ-ਬੀ.ਸੀ ਕੈਟਾਗਿਰੀ ਦੇ ਵਿਦਿਆਰਥੀ ਪਹੁੰਚੇ। ਜਨਰਲ ਕੈਟਾਗਿਰੀ ਦੀਆਂ 37 ਸੀਟਾਂ, ਐੱਸ.ਸੀ ਕੈਟਾਗਿਰੀ ਦੀਆਂ 20 ਅਤੇ ਬੀ.ਸੀ ਕੈਟਾਗਿਰੀ ਦੀਆਂ 8 ਸੀਟਾਂ ਲਈ ਕਾਊਂਸਲਿੰਗ ਹੋਈ।
ਖੇਤੀਬਾੜੀ ਕਾਲਜ ਦੇ ਡੀਨ ਡਾ. ਕਿਰਨਜੀਤ ਸਿੰਘ ਥਿੰਦ ਨੇ ਦੱਸਿਆ ਹੈ ਕਿ ਸਾਰੇ ਕੋਰਸਾਂ ਦੀ ਕਾਊਂਸਲਿੰਗ ਹੋਣ ਤੋਂ ਬਾਅਦ ਖਾਲੀ ਰਹਿਣ ਵਾਲੀਆਂ ਸੀਟਾਂ ਲਈ ਸੈਕਿੰਡ ਕਾਊਂਸਲਿੰਗ ਕੀਤੀ ਜਾਵੇਗੀ।16 ਅਕਤੂਬਰ ਤੱਕ ਵੱਖ-ਵੱਖ ਕੋਰਸਾਂ ਦੇ ਲਈ ਪਹਿਲੀ ਕਾਊਂਸਲਿੰਗ ਆਯੋਜਿਤ ਹੋਵੇਗੀ। ਇਸ ਤੋਂ ਬਾਅਦ ਸੈਕਿੰਡ ਕਾਊਂਸਲਿੰਗ ਦੀ ਤਾਰੀਖ ਜਾਰੀ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਕਾਊਂਸਲਿੰਗ ਪਾਲ ਆਡੀਟੋਰੀਅਮ ‘ਚ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਆਪਣੇ ਨਾਲ ਸਾਰੇ ਅਸਲੀ ਡਾਕੂਮੈਂਟ, ਫੋਟੋਕਾਪੀ, ਅਤੇ ਪ੍ਰੋਸਪੈਕਟਸ ‘ਚ ਦੱਸੀ ਗਈ ਕੋਰਸ ਫੀਸ ਲਿਆਉਣੀ ਹੋਵੇਗੀ। ਇਸ ਦੇ ਨਾਲ ਹੀ ਕਾਊਂਸਲਿੰਗ ‘ਚ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਰਪ੍ਰਸਤ ਨੂੰ ਫੇਸ ਮਾਸਕ, ਗਲਵਜ਼, ਹੈਂਡ ਸੈਨੇਟਾਈਜ਼ਰ, ਪੀਣ ਦੇ ਪਾਣੀ ਦੀ ਬੋਤਲ ਅਤੇ ਖੁਦ ਦਾ ਪੈੱਨ ਲਿਆਉਣਾ ਹੋਵੇਗਾ। ਇਸ ਤੋਂ ਬਿਨਾ ਵਿਦਿਆਰਥੀਆਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ।