counter intelligence puneet robbed gambling: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਫਾਇਰਿੰਗ ਕਰਕੇ ਲੱਖਾਂ ਰੁਪਏ ਦਾ ਜੂਆ ਲੁੱਟਣ ਵਾਲੇ ਗੈਂਗਸਟਰ ਪੁਨੀਤ ਬੈਂਸ ਉਰਫ ਮਨੀ ਬੈਂਸ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੇ ਕਬਜ਼ੇ ‘ਚ ਹਥਿਆਰ, ਕੈਸ਼ ਅਤੇ ਗੱਡੀ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਦਕਿ ਇਸ ਮਾਮਲੇ ‘ਚ 4 ਦੋਸ਼ੀਆਂ ਨੂੰ ਪਹਿਲਾਂ ਤੋਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਦੋਸ਼ੀ ਗੈਂਗਸਟਰ ਪੁਨੀਤ ਬੈਂਸ ਨੂੰ ਗ੍ਰਿਫਤਾਰ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ‘ਚ ਤਿਆਰ ਕੀਤੀ ਗਈ ਓਕੂ (ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ) ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਾਂਝੇ ਤੌਰ ‘ਤੇ ਕਾਰਵਾਈ ਕੀਤੀ। ਇਨ੍ਹਾਂ ਟੀਮਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਪੁਨੀਤ ਬੈਂਸ ਦਿੱਲੀ ‘ਚ ਲੁਕਿਆ ਹੋਇਆ ਤਾਂ ਪੁਲਿਸ ਸਮੇਟ ਇਨ੍ਹਾਂ ਟੀਮਾਂ ਨੇ ਛਾਪੇਮਾਰੀ ਕੀਤੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਲੁਧਿਆਣਾ ਦੇ ਘੋੜਾ ਕਾਲੋਨੀ ਦੇ ਰਹਿਣ ਵਾਲੇ ਪੁਨੀਤ ਬੈਂਸ ਕੋਲੋਂ ਪੁਲਿਸ ਵਧੇਰੇ ਪੁੱਛਗਿੱਛ ਕਰਨ ‘ਚ ਜੁੱਟ ਗਈ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਦੀ ਏ.ਸੀ.ਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਮੁਲਜ਼ਮ ਪੁਨੀਤ ਬੈਂਸ ਦੇ ਖਿਲਾਫ ਡਕੈਤੀ ਇਰਾਦਾ ਕਤਲ ਅਤੇ ਹੋਰ ਅਪਰਾਧਕ ਮਾਮਲਿਆਂ ਦੇ ਤਹਿਤ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਦੇ ਵੱਖ-ਵੱਖ ਥਾਣਿਆਂ ‘ਚੋਂ ਪੰਜ ਮੁਕੱਦਮੇ ਦਰਜ ਹਨ । ਮੁਲਜ਼ਮ ਨੇ 30 ਮਈ ਨੂੰ ਡੀਜੇ ਆਪਰੇਟਰ ਉੱਪਰ ਗੋਲੀ ਚਲਾਈ ,ਸ਼ਿੰਗਾਰ ਸਿਨੇਮਾ ਦੇ ਕੋਲ ਪੈਂਦੇ ਇੱਕ ਘਰ ਦੇ ਬਾਹਰ ਵੀ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਫਾਇਰਿੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ 3 ਸਤੰਬਰ ਨੂੰ ਸਦਰ ਇਲਾਕੇ ‘ਚ ਸਥਿਤ ਇਕ ਫਾਰਮ ਹਾਊਸ ‘ਚ ਕੰਧ ਟੱਪ ਕੇ ਦਾਖਲ ਹੋਏ ਦੋਸ਼ੀਆਂ ਨੇ ਫਾਇਰਿੰਗ ਕਰ ਕੇ ਉੱਥੇ ਜੂਆ ਖੇਡ ਰਹੇ ਲੋਕਾਂ ਤੋਂ 14.5 ਲੱਖ ਰੁਪਏ ਦੀ ਨਗਦੀ ਲੁੱਟ ਲਈ ਸੀ। ਇਸ ਮਾਮਲੇ ‘ਚ ਪੁਲਿਸ ਨੇ 5 ਲੋਕਾਂ ‘ਤੇ ਪਹਿਲਾਂ ਹੀ ਮਾਮਲਾ ਦਰਜ ਕਰ ਚੁੱਕੀ ਹੈ, ਜਿਸ ‘ਚ ਨੀਰਜ ਉਰਫ ਆਸ਼ੂ, ਮਨਦੀਪ ਸਿੰਘ, ਦੀਪਕ, ਗੁਰਿੰਦਰ ਗਿੰਦੀ ਅਤੇ ਨਵਦੀਪ ਉਰਫ ਪੂਜਾ ਨੂੰ ਨਾਮਜ਼ਦ ਕੀਤਾ ਗਿਆ ਸੀ। ਉਕਤ ਦੋਸ਼ੀਆਂ ਕੋਲੋਂ ਆਈ20, 32 ਬੋਰ ਤੇ 15 ਗੋਲੀਆਂ ਬਰਾਮਦ ਕੀਤੀਆਂ ਗਈਆਂ ਸੀ। ਦੋਸ਼ੀਆਂ ਨੇ ਹੁਸ਼ਿਆਰਪੁਰ ਦੇ ਇਕ ਸੁਨਿਆਰੇ ਤੋਂ 4 ਕਿਲੋ ਸੋਨਾ ਲੁੱਟਨਾ ਸੀ, ਜਿਸ ਦੀ ਪਲਾਨਿੰਗ ਕਰ ਰਹੇ ਸੀ।