dalhousie friends car collided death: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਇਕ ਗੱਡੀ ਸੜਕ ‘ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਹਾਦਸੇ ਦੌਰਾਨ ਕਾਰ ਸਵਾਰ 4 ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ‘ਚ 1ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਲਹੌਜੀ ਜਾ ਰਹੇ 4 ਦੋਸਤਾਂ ਦੀ ਕਾਰ ਸਾਹਨੇਵਾਲ ਦੇ ਨੇੜੇ ਜ਼ਿੰਮੀਦਾਰਾ ਢਾਬੇ ਨੇੜੇ ਬਿਨਾਂ ਰਿਫਲੈਕਟਰ ਅਤੇ ਗਲਤ ਤਰੀਕੇ ਨਾਲ ਖੜ੍ਹੇ ਕੀਤੇ ਟਰਾਲੇ ਨਾਲ ਟਕਰਾ ਗਈ, ਜਿਸ ਦੇ ਬਾਅਦ ਚਾਰੇ ਦੋਸਤ ਗੰਭੀਰ ਰੂਪ ’ਚ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਈ.ਐੱਸ.ਆਈ. ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਇਕ ਦੋਸਤ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਸ ਦਰਜ ਕਰਵਾਏ ਬਿਆਨਾਂ ’ਚ ਦੁਪੇਂਦਰ ਸਿੰਘ ਪੁੱਤਰ ਯਸ਼ਵੰਤ ਸਿੰਘ ਵਾਸੀ ਮਾਨਸਰੋਵਰ ਕਾਲੋਨੀ, ਹਾਊਸਿੰਗ ਬੋਰਡ, ਅਲਵਰ ਰਾਜਸਥਾਨ ਤੋਂ ਤਿੰਨ ਦੋਸਤਾਂ ਕੇਤਨ ਮਹਿਤਾ (26) ਪੁੱਤਰ ਸਤੀਸ਼ ਕੁਮਾਰ ਵਾਸੀ ਉਮੇਕਸ ਸਿਟੀ, ਬਹਾਦਰਗੜ੍ਹ, ਅਸ਼ਵਨੀ ਕੁਮਾਰ ਅਤੇ ਰਿੰਕੂ ਪੁਰੀ ਦੇ ਨਾਲ ਡਲਹੌਜ਼ੀ ਜਾ ਰਹੇ ਸੀ। ਜਦੋਂ ਸਵੇਰੇ ਕਰੀਬ ਸਵਾ 3 ਵਜੇ ਸਾਹਨੇਵਾਲ ਦੇ ਜ਼ਿੰਮੀਦਾਰਾ ਢਾਬੇ ਦੇ ਨਜ਼ਦੀਕ ਪਹੁੰਚੇ ਤਾਂ ਉੱਥੇ ਖੜ੍ਹੇ ਇਕ ਟਰਾਲੇ ਨਾਲ ਗੱਡੀ ਅਚਾਨਕ ਟਕਰਾ ਗਈ, ਜਿਸ ’ਚ ਸਾਰੇ ਦੋਸਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਕੇਤਨ ਮਹਿਤਾ ਨੂੰ ਜ਼ਿਆਦਾ ਗੰਭੀਰ ਸੱਟਾਂ ਦੇ ਚੱਲਦੇ ਈ.ਐੱਸ.ਆਈ., ਲੁਧਿਆਣਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਟਰਾਲੇ ਚਾਲਕ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਦੋਂ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।