dc cp appreciation letter health department: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਡਾਕਟਰ ਵੱਲੋਂ ਬਿਨ੍ਹਾਂ ਜਾਨ ਦੀ ਪਰਵਾਹ ਕੀਤੇ ਮਰੀਜ਼ਾਂ ਦੀ ਸੇਵਾ ‘ਚ ਦਿਨ-ਰਾਤ ਜੁੱਟੇ ਹੋਏ ਹਨ। ਇਸ ‘ਤੇ ਸਿਹਤ ਵਿਭਾਗ ਦਾ ਧੰਨਵਾਦ ਕਰਨ ਲਈ ਬੀਤੇ ਦਿਨ ਭਾਵ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸਿਵਲ ਸਰਜਨ ਦਫਤਰ ਪਹੁੰਚੇ। ਦੋਵਾਂ ਅਧਿਕਾਰੀਆਂ ਨੇ ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਸਮੇਤ ਪੂਰੇ ਵਿਭਾਗ ਦੇ ਨਾਂ ‘ਤੇ ‘ਪ੍ਰਸ਼ੰਸਾ ਪੱਤਰ’ ਸੌਪਿਆ। ਦੱਸ ਦੇਈਏ ਕਿ ਡੀ.ਸੀ ਅਤੇ ਸੀ.ਪੀ ਨੇ ਕਿਹਾ ਹੈ ਕਿ ਇਹ ਪ੍ਰਸ਼ੰਸਾ ਪੱਤਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਕੀਤੀ ਗਈ ਮਿਹਨਤ ਦੇ ਲਈ ਦਿੱਤਾ ਗਿਆ ਹੈ।ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਅਤੇ ਹੋਰ ਅਧਿਕਾਰੀ ਵੀ ਪਹੁੰਚੇ।
ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਵੱਧ ਆਬਾਦੀ ਹੋਣ ਕਾਰਨ ਇਸ ਜ਼ਿਲ੍ਹੇ ‘ਚ ਕੋਵਿਡ ਦੇ ਕੇਸ ਜ਼ਿਆਦਾ ਹਨ, ਜਿਸ ਕਾਰਨ ਲੁਧਿਆਣਾ ‘ਚ ਕੋਵਿਡ ਸਮੱਸਿਆ ਨਾਲ ਨਜਿੱਠਣਾ ਆਪਣੇ ਆਪ ‘ਚ ਬਹੁਤ ਵੱਡੀ ਚੁਣੌਤੀ ਹੈ। ਇਸ ਤੋਂ ਬਿਨਾਂ ਸਿਹਤ ਵਿਭਾਗ ਨੇ ਦਿਨ ਰਾਤ ਮਿਹਨਤ ਕਰਕੇ 1,12,601 ਟੈਸਟ ਕੀਤੇ ਹਨ, ਜੋ ਕਿ ਆਪਣੇ ਆਪ ‘ਚ ਇਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਦੌਰਾਨ ਔਸਤ 4 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ, ਜੋ ਕਿ ਇਸ ਗਰਮੀ ਤੇ ਹੁੰਮਸ ਭਰੇ ਮੌਸਮ ‘ਚ ਇਹ ਬਹੁਤ ਵੱਡਾ ਕਾਰਜ ਹੈ, ਜਿਸ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਿਰੇ ਚੜਾਇਆ ਹੈ।
ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਕੰਟੇਨਮੈਂਟ ਜੋਨ ਅਤੇ ਮਾਈਕ੍ਰੋ ਕੰਟੇਨਮੈਂਟ ਚੇਨ ਬਣਾ ਕੇ ਕੋਵਿਡ ਬਿਮਾਰੀ ਦੇ ਕੰਟਰੋਲ ਕਰਨ ਦੇ ਯਤਨ ਕੀਤੇ ਗਏ ਹਨ। ਹਸਪਤਾਲਾਂ ਅਤੇ ਹੋਰ ਸਰਕਾਰੀ ਕੋਵਿਡ ਸੈਟਰਾਂ ‘ਚ ਪਿਛਲੇ 6 ਮਹੀਨੇ ਤੋਂ ਲਗਾਤਾਰ ਸਟਾਫ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ, ਜਿਸ ਦੀ ਜ਼ਿਲ੍ਹਾ ਪ੍ਰਸ਼ਾਸਨ ਸ਼ਲਾਘਾ ਕਰਦਾ ਹੈ। ਉਨ੍ਹਾਂ ਕਿਹਾ ਜਿਥੇ ਕਿ ਸਿਹਤ ਵਿਭਾਗ ਨੇ ਮਿਹਨਤ ਕਰਕੇ ਸਰਕਾਰੀ ਖੇਤਰ ‘ਚ ਲੈਵਲ-1, ਲੈਵਲ-2 ਅਤੇ ਲੈਵਲ 3 ਦੇ ਲਗਭਗ 2700 ਬੈੱਡਾਂ ਦਾ ਇੰਤਜਾਮ ਕੀਤਾ ਹੈ, ਉਥੇ ਪ੍ਰਾਈਵੇਟ ਖੇਤਰ ‘ਚ ਵੀ ਲੈਵਲ-2 ਅਤੇ ਲੈਵਲ 3 ਦੇ ਲਗਭਗ ਇਕ ਹਜ਼ਾਰ ਬੈੱਡਾਂ ਦਾ ਇੰਤਜਾਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਹਰੋਂ ਆਉਣ ਵਾਲੇ ਯਾਤਰੀਆਂ ਦੀਆਂ ਸਕਰੀਨਿੰਗ ਆਦਿ ਅਨੇਕਾਂ ਕਾਰਜ ਹਨ, ਜੋ ਕੋਰੋਨਾ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਨੇ ਲੁਧਿਆਣਾ ਜ਼ਿਲ੍ਹੇ ‘ਚ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਮਿਹਨਤ ਸਦਕਾ ਅੱਜ ਤੱਕ 6881 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਡੀ.ਸੀ ਅਤੇ ਸੀ.ਪੀ ਵੱਲੋਂ ਉਮੀਦ ਜਤਾਈ ਕਿ ਸਿਹਤ ਵਿਭਾਗ ਦੀ ਅਗਵਾਈ ‘ਚ ਸਾਰੇ ਵਿਭਾਗ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਉਣ ਲਈ ਯਤਨ ਕਰਦੇ ਰਹਿਣਗੇ।