DC meeting timely procurement paddy: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਮਹਾਮਾਰੀ ਦੇ ਚੱਲਦਿਆਂ ਝੋਨੇ ਦੀ ਫਸਲ ਦੀ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਥਾਨਕ ਬੱਚਤ ਭਵਨ ‘ਚ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਜ਼ਿਲ੍ਹਾ ਕਮਿਸ਼ਨ ਏਜੰਟ ਐਸੋਸੀਏਸ਼ਨ ਦੇ ਅਹੁਦੇਦਾਰ, ਰਾਈਸ ਸ਼ੈਲਿੰਗ ਮਿੱਲਜ਼ ਅਤੇ ਕਮਿਸ਼ਨ ਏਜੰਟ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਡੀ.ਐਮ. ਅਤੇ ਕਿਸਾਨ ਵੀ ਪਹੁੰਚੇ।
ਡਿਪਟੀ ਕਮਿਸ਼ਨਰ ਨੇ ਸ਼ੈਲਿੰਗ ਮਿੱਲਾਂ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਲਈ ਆਪਣੀਆਂ ਥਾਵਾਂ ਮੁਹੱਈਆ ਕਰਵਾਉਣ ‘ਚ ਸਹਿਯੋਗ ਕਰਨ, ਤਾਂ ਜੋ ਜ਼ਿਲ੍ਹੇ ‘ਚ ਵੱਧ ਤੋਂ ਵੱਧ ਖਰੀਦ ਕੇਂਦਰ ਸਥਾਪਤ ਕੀਤੇ ਜਾ ਸਕਣ ਅਤੇ ਫਸਲ ਦੀ ਸਮੇਂ ਸਿਰ ਖਰੀਦ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਝੋਨੇ ਦੀ ਖਰੀਦ ਵੀ ਓਸੇ ਤਰਾਂ ਕੀਤੀ ਜਾਵੇਗੀ, ਜਿਵੇਂ ਕਣਕ ਦੀ ਖਰੀਦ ਕੀਤੀ ਗਈ ਸੀ। ਸਬੰਧਤ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਅਤੇ ਕਿਸਾਨ ਆਪਣੀ ਵਾਰੀ ਸਿਰ ਮੰਡੀ ‘ਚ ਦਾਖਲ ਹੋਣਗੇ। ਇਸ ਦੇ ਨਾਲ ਡੀ.ਸੀ. ਵੱਲ਼ੋਂ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ‘ਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਨ੍ਹਾਂ ਫਸਲ ਦੇ ਇੱਕ-ਇੱਕ ਦਾਣੇ ਦੀ ਖਰੀਦ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਨੂੰ ਸਮੇਂ ਸਿਰ ਖਰੀਦ ਲਈ ਅਨਾਜ ਮੰਡੀਆਂ ‘ਚ ਨਿਰਧਾਰਤ ਨਮੀ ਦੀ ਮਾਤਰਾ ਨਾਲ ਲੈ ਕੇ ਆਉਣ।
ਜ਼ਿਲ੍ਹਾ ਖੁਰਾਕ ਸਪਲਾਈਜ ਕੰਟਰੋਲਰ (ਡੀ.ਐਫ.ਐੱਸ.ਸੀ.ਵੈਸਟ) ਸ੍ਰ.ਸੁਖਵਿੰਦਰ ਸਿੰਘ ਗਿੱਲ ਅਤੇ ਡੀ.ਐਫ.ਐੱਸ.ਸੀ. ਈਸਟ ਸ੍ਰੀਮਤੀ ਹਰਵੀਨ ਕੌਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 107 ਅਨਾਜ ਮੰਡੀਆਂ ਤੋਂ ਇਲਾਵਾ 76 ਰਾਈਸ ਸ਼ੈਲਿੰਗ ਮਿੱਲ ਅਤੇ 27 ਅਸਥਾਈ ਯਾਰਡ ਨੂੰ ਖਰੀਦ ਸਟੇਸ਼ਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿਂ ਜ਼ਿਲ੍ਹੇ ‘ਚ ਹੋਰ ਖਰੀਦ ਕੇਂਦਰ ਸਥਾਪਤ ਕਰਨ ਲਈ ਯਤਨਸ਼ੀਲ ਹਨ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਅਨਾਜ ਮੰਡੀਆਂ ‘ਚ ਨਿਰਵਿਘਨ ਖਰੀਦ ਲਈ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਇਸ ਦੇ ਨਾਲ ਹੀ ਸਫਾਈ ਅਤੇ ਸਮਾਜਕ ਦੂਰੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖਣ।