dc praises health department corona: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਦੇ ਘੱਟ ਹੋ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲ਼ੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪਿੱਠ ਥਪਥਪਾਈ ਹੈ। ਡੀ.ਸੀ ਵੱਲੋਂ ਕਿਹਾ ਗਿਆ ਹੈ ਕਿ ਡਾਕਟਰਾਂ, ਕਮਿਊਨਿਟੀ ਹੈਲਥ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦਿਨ-ਰਾਤ ਯਤਨ ਕੀਤੇ ਯਤਨ ਸ਼ਲਾਘਾਯੋਗ ਹਨ।
ਡੀ.ਸੀ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਜ਼ਰੂਰ ਆਈ ਹੈ ਪਰ ਖਤਰਾ ਹੁਣ ਵੀ ਟਲਿਆ ਨਹੀਂ ਹੈ। ਬੀਮਾਰੀ ਨਾਲ ਲੜਨ ਦੇ ਇਸ ਜਜ਼ਬੇ ਨੂੰ ਤਾਂ ਉਦੋਂ ਤੱਕ ਬਣਾਈ ਰੱਖਣ ਦੀ ਜਰੂਰਤ ਹੈ, ਜਦੋਂ ਤੱਕ ਕੋਰੋਨਾ ਖਤਮ ਨਾ ਹੋ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਖਿਲਾਫ ਇਸ ਜੰਗ ਨੂੰ ਅਸੀਂ ਜਿੱਤਣਾ ਹੈ। ਕਿਸੇ ਮਹਾਮਾਰੀ ‘ਚ ਸਰਗਰਮ ਮਾਮਲੇ ਕਾਫੀ ਮਹੱਤਵ ਰੱਖਦੇ ਹਨ ਕਿਉਂਕਿ ਇਨ੍ਹਾਂ ਲੋਕਾਂ ਤੋਂ ਦੂਜੇ ਲੋਕਾਂ ਦੇ ਪੀੜਤ ਹੋਣ ਦਾ ਖਤਰਾ ਰਹਿੰਦਾ ਹੈ। ਇਸ ਦੇ ਨਾਲ ਹੀ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋਣ ਨਾਲ ਸਿਹਤ ਸੇਵਾਵਾਂ ‘ਤੇ ਪੈਣ ਵਾਲਾ ਦਬਾਅ ਵੀ ਘੱਟ ਹੁੰਦਾ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਲਗਾਤਾਰ ਕਮੀ ਆਉਣਾ ਅਤੇ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਣਾ ਸ਼ਹਿਰ ਲਈ ਚੰਗੇ ਸੰਕੇਤ ਹਨ ਹਾਲਾਂਕਿ ਹੁਣ ਇਹ ਡਰ ਸਤਾ ਰਿਹਾ ਹੈ ਕਿ ਪੀੜਤ ਮਾਮਲਿਆਂ ‘ਚ ਕਮੀ ਆਉਣ ਨਾਲ ਸ਼ਹਿਰ ਦੇ ਲੋਕ ਲਾਪਰਵਾਹੀ ਵਰਤਣਾ ਸ਼ੁਰੂ ਨਾ ਕਰ ਦੇਣ। ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਰੋਨਾ ਦੇ ਲੱਛਣ ਜਿਵੇ ਬੁਖਾਰ, ਖਾਂਸੀ, ਗਲੇ ਦੀ ਖਾਰਿਸ਼, ਸਾਹ ਲੈਣ ‘ਚ ਤਕਲੀਫ ਆਦਿ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤਰੁੰਤ ਜਾਂਚ ਕਰਵਾਓ।