death corona positive woman hospital: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਜ਼ਿਲ੍ਹੇ ‘ਚ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਿਹਤ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਨੂੰ ਲੈ ਕੇ ਜ਼ਿਲ੍ਹੇ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪ੍ਰਸ਼ਾਸਨ ਦੀ ਅਸਲ ਸਚਾਈ ਸਾਹਮਣੇ ਲਿਆ ਦਿੱਤੀ ਹੈ। ਜਾਣਕਾਰੀ ਮੁਤਾਬਕ ਜਦੋਂ ਜਗਰਾਓਂ ਦੀ 70 ਸਾਲ ਦੀ ਇਕ ਮਹਿਲਾ ਕੋਰੋਨਾ ਕਾਰਨ ਸਿਵਲ ਹਸਪਤਾਲ ਲੁਧਿਆਣਾ ‘ਚ ਐਤਵਾਰ ਸਵੇਰੇ ਮੌਤ ਹੋ ਗਈ ਤਾਂ ਪਰਿਵਾਰ ਨੇ ਲਾਸ਼ ਸੰਸਕਾਰ ਲਈ ਜਗਰਾਓਂ ਲਿਜਾਣ ਲਈ ਹਸਪਤਾਲ ਤੋਂ ਗੱਡੀ ਮੰਗੀ ਤਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਇਨਕਾਰ ਕੀਤਾ ਗਿਆ। ਕਾਫੀ ਸਮਾਂ ਭਟਕਣ ਤੋਂ ਬਾਅਦ ਪਰਿਵਾਰ ਨੇ ਗੱਡੀ ਦਾ ਪ੍ਰਬੰਧ ਕੀਤਾ ਤੇ ਫਿਰ ਲਾਸ਼ ਲੈ ਕੇ ਪਿੰਡ ਪੁੱਜੇ।
ਦਰਅਸਲ ਮ੍ਰਿਤਕਾਂ ਲਛੱਮੀ ਪਤਨੀ ਰਣਜੀਤ ਸਿੰਘ ਨਿਵਾਸੀ ਮੁਹੱਲਾ ਰਾਣੀਵਾਲਾ ਖੂਹ ਅਗਵਾਡ ਲਧਾਈ ਜਗਰਾਓਂ ਦੀ ਰਹਿਣ ਵਾਲੀ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਸ਼ਨੀਵਾਰ ਨੂੰ ਸਿਵਲ ਹਸਪਤਾਲ ਜਗਰਾਓਂ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਕੋਰੋਨਾ ਨਾਲ ਪੀੜਤ ਹੋਣ ਨਾਲ ਉਸ ਦੀ ਪੁਸ਼ਟੀ ਹੋਈ। ਦੇਰ ਰਾਤ ਹਾਲਤ ਵਿਗੜਨ ‘ਤੇ ਉਸ ਨੂੰ ਜਗਰਾਓ ਸਿਵਲ ਹਸਪਤਾਲ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ, ਇੱਥੇ ਉਸ ਦੀ ਐਤਵਾਰ ਨੂੰ ਸਵੇਰੇ ਮੌਤ ਹੋ ਗਈ। ਹੁਣ ਉਸ ਦੀ ਲਾਸ਼ ਜਗਰਾਓ ਲਿਆਉਣ ਲਈ ਉਸ ਦੇ ਬੇਟੇ ਬਲਜਿੰਦਰ ਸਿੰਘ ਨੇ ਸਿਵਲ ਹਸਪਤਾਲ ਲੁਧਿਆਣਾ ‘ਚ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਤਾਂ ਉੱਥੇ ਉਨ੍ਹਾਂ ਕਿਹਾ ਗਿਆ ਕਿ ਇਸ ਦੀ ਲਾਸ਼ ਤਾਂ ਜਗਰਾਓ ਸਿਵਲ ਹਸਪਤਾਲ ਤੋਂ ਉਹ ਗੱਡੀ ਭੇਜਣਗੇ, ਉਸ ‘ਚ ਭੇਜਿਆ ਜਾਵੇਗਾ।
ਇਸ ਸਬੰਧੀ ਜਦੋਂ ਐੱਸ.ਐੱਮ.ਓ ਜਗਰਾਓ ਡਾ.ਪ੍ਰਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਕ ਹੀ ਵੈਨ ਹੈ ਉਹ ਵੀ ਠੀਕ ਹੋਣ ਲਈ ਗਈ ਹੈ। ਗੱਡੀ ਦਾ ਕੋਈ ਪ੍ਰਬੰਧ ਨਹੀਂ ਹੈ। ਜੇ ਸਿਵਲ ਹਸਪਤਾਲ ਲੁਧਿਆਣਾ ‘ਚ ਕਿਸੇ ਕੋਰੋਨਾ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਸਿਵਲ ਹਸਪਤਾਲ ਲੁਧਿਆਣਾ ਤੋਂ ਹੀ ਗੱਡੀ ‘ਚ ਮਰੀਜ਼ ਦੀ ਲਾਸ਼ ਭੇਜੀ ਜਾਂਦੀ ਹੈ।