dengue patients found ludhiana: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਹੁਣ ਡੇਂਗੂ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਕਾਫੀ ਗਿਣਤੀ ‘ਚ ਲੋਕ ਡੇਂਗੂ ਦੀ ਚਪੇਟ ‘ਚ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪਿਛਲੇ 2 ਦਿਨਾਂ ਦੌਰਾਨ ਡੇਂਗੂ ਦੇ 72 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਭ ਤੋਂ ਜਿਆਦਾ ਮਰੀਜ਼ ਡੀ.ਐੱਮ.ਸੀ ਹਸਪਤਾਲ ‘ਚ ਪਹੁੰਚ ਰਹੇ ਹਨ। ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ ‘ਚ ਹੁਣ ਤੱਕ ਡੇਂਗੂ ਦੇ 523 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 930 ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਜਿਆਦਾਤਰ ਮਰੀਜ਼ ਹਸਪਤਾਲ ਉਦੋਂ ਪਹੁੰਚ ਰਹੇ ਨੇ ਜਦੋਂ ਉਨ੍ਹਾਂ ਦੇ ਪਲੇਟਲੈਟਸ ਕਾਫੀ ਘੱਟ ਹੋ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ 15 ਦਿਨਾਂ ਤੋ ਡੇਂਗੂ ਦੇ ਮਰੀਜ਼ ਕਾਫੀ ਵੱਧ ਰਹੇ ਹਨ। ਇਸ ਵਾਰ ਮਰੀਜ਼ਾਂ ‘ਚ ਤੇਜ਼ ਬੁਖਾਰ, ਸਿਰ ਦਰਦ ਦੇ ਨਾਲ ਨਾਲ ਪੇਟ ਦਰਦ, ਉਲਟੀਆਂ ਦੀ ਸ਼ਿਕਾਇਤ ਵੀ ਮਿਲ ਰਹੀ ਹੈ। ਪਲੇਟਲੈਟਸ ਘੱਟ ਹੋਣ ਵਾਲੇ ਮਰੀਜ਼ ਕਾਫੀ ਸਾਹਮਣੇ ਆ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਦੇਰੀ ਨਾਲ ਜਾਂਚ ਅਤੇ ਇਲਾਜ ਕਰਵਾਉਣਾ ਹੈ।
ਡਾਕਟਰਾਂ ਵੱਲੋਂ ਸਲਾਹ ਦਿੱਤੀ ਹੈ ਕਿ ਜੇਕਰ 2-3 ਦਿਨਾਂ ਤੋਂ ਲਗਾਤਾਰ ਤੇਜ਼ ਬੁਖਾਰ , ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਅਤੇ ਜੋੜਾ ‘ਚ ਦਰਦ ਹੋ ਰਿਹਾ ਤਾਂ ਤਰੁੰਤ ਮੈਡੀਕਲ ਤੋਂ ਜਾਂਚ ਕਰਵਾਓ। ਇਸ ਦੇ ਨਾਲ ਹੀ ਡਾਕਟਰਾਂ ਦੀ ਸਲਾਹ ਮੁਤਾਬਕ ਬਲੱਡ ਟੈਸਟ ਕਰਵਾਓ। ਬਲੱਡ ਟੈਸਟ ‘ਚ ਆਰ.ਬੀ.ਸੀ ਸਭ ਤੋਂ ਪਹਿਲਾਂ ਕਰਵਾਉਂਦੇ ਹੋ ਤਾਂ ਇਸ ਨਾਲ ਸਰੀਰ ‘ਚ ਬਲੱਡ ਅਤੇ ਪਲੇਟਲੈਟਸ ਦਾ ਪਤਾ ਲੱਗਦਾ ਹੈ। ਜੇਕਰ ਪਲੇਟਲੈਟਸ ਲਗਾਤਾਰ ਘੱਟ ਹੋ ਰਹੇ ਹਨ, ਤਾਂ ਇਹ ਚਿੰਤਾ ਦਾ ਸਭ ਤੋਂ ਵੱਡੀ ਗੱਲ ਹੈ। ਬਿਨਾਂ ਜਾਂਚ ਤੋਂ ਦਵਾਈ ਲੈਣਾ ਸਹੀ ਗੱਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਨੇ ਡ੍ਰਾਈ ਡੇ ਫ੍ਰਾਡ ਡੇ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਚੈੱਕ ਕੀਤਾ ਜਾ ਰਿਹਾ ਹੈ। ਹੈਲਥ ਇੰਸਪੈਕਟਰ ਸਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਟੀਮ ਦੇ ਨਾਲ ਸੁੰਦਰ ਨਗਰ ਸਥਿਤ ਫਾਇਰ ਬ੍ਰਿਗੇਡ ਦੇ ਦਫਤਰ, ਪੰਜਾਬ ਮੰਡੀ ਬੋਰਡ ਦਫਤਰ, ਬੀ.ਆਰ.ਐੱਸ ਨਗਰ ਸਥਿਤ ਪੋਸਟ ਆਫਿਸ, ਦਰੇਸੀ ਪੁਲਿਸ ਸਟੇਸ਼ਨ, ਪੁਲਿਸ ਕਮਿਸ਼ਨਰ ਆਫਿਸ ‘ਚ ਜਾ ਕੇ ਕੂਲਰਾਂ, ਗਮਲਿਆਂ ਅਤੇ ਛੱਤਾਂ ‘ਤੇ ਜਾ ਕੇ ਜਾਂਚ ਕੀਤੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਥਾਂ ਤੋਂ ਲਾਰਵਾ ਨਹੀਂ ਮਿਲਿਆ।