discharge corona infected patients: ਲੁਧਿਆਣਾ (ਤਰਸੇਮ ਭਾਰਦਵਾਜ)- ਚਿੰਤਾ ਦੇ 90 ਦਿਨਾਂ ਬਾਅਦ ਜ਼ਿਲ੍ਹੇ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ‘ਚ ਭਾਰੀ ਗਿਰਾਵਟ ਸਾਹਮਣੇ ਆ ਰਹੀ ਹੈ। ਬੀਤੇ ਦਿਨ ਭਾਵ ਸ਼ਨੀਵਾਰ ਨੂੰ ਕੁੱਲ 56 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ‘ਚ 43 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਕ ਹੋਰ ਰਾਹਤ ਭਰੀ ਖਬਰ ਹੈ ਕਿ ਪਹਿਲੀ ਵਾਰ ਲੁਧਿਆਣਾ ਦੇ ਪਾਜ਼ੀਟਿਵ ਮਾਮਲਿਆਂ ‘ਚੋਂ 3 ਗੁਣਾ ਤੋਂ ਵੀ ਜਿਆਦਾ 141 ਮਰੀਜ਼ ਇਕ ਹੀ ਦਿਨ ‘ਚ ਡਿਸਚਾਰਜ ਹੋਏ।
ਜ਼ਿਕਰਯੋਗ ਹੈ ਕਿ 90 ਦਿਨ ਪਹਿਲਾਂ 12 ਜੁਲਾਈ ਨੂੰ ਜ਼ਿਲ੍ਹੇ ‘ਚ 50 ਤੋਂ ਘੱਟ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸੀ। ਉਸ ਦਿਨ ਸਿਰਫ 39 ਮਾਮਲੇ ਹੀ ਸਾਹਮਣੇ ਆਏ ਸੀ, ਜਿਨ੍ਹਾਂ ‘ਚ 34 ਲੁਧਿਆਣਾ ਦੇ ਸੀ। 12 ਜੁਲਾਈ ਤੋਂ ਬਾਅਦ ਜ਼ਿਲ੍ਹੇ ‘ਚ 50 ਤੋਂ ਜਿਆਦਾ ਹੀ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸੀ। 3 ਮਹੀਨਿਆਂ ਬਾਅਦ ਲੁਧਿਆਣਾ ਨੇ ਰਾਹਤ ਦਾ ਸਾਹ ਲਿਆ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 19083 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 17800 ਭਾਵ 93.27 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਸਿਰਫ 486 ਹੀ ਸਰਗਰਮ ਮਾਮਲੇ ਹਨ, ਜੋ ਸਤੰਬਰ ਅਤੇ ਅਕਤੂਬਰ ਦਾ ਸਭ ਤੋਂ ਘੱਟ ਅੰਕੜਾ ਹੈ। ਇਨ੍ਹਾਂ ਸਰਗਰਮ ਮਾਮਲਿਆਂ ‘ਚੋਂ 294 ਮਰੀਜ਼ ਹੋਮ ਆਈਸੋਲੇਟ ਹਨ। ਜ਼ਿਲ੍ਹੇ ‘ਚ ਹੁਣ ਤੱਕ 796 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2464 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚ ਹੁਣ ਸਿਰਫ 99 ਹੀ ਸਰਗਰਮ ਮਾਮਲੇ ਹਨ, ਜਿਨ੍ਹਾਂ ਦਾ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਤੱਕ 289 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ ਤੱਕ 3,20,199 ਸੈਂਪਲ ਲਏ ਜਾ ਚੁੱਕੇ ਹਨ, ਜੋ ਕਿ ਹੋਰ ਜ਼ਿਲ੍ਹਿਆਂ ਨਾਲੋਂ ਸਭ ਤੋਂ ਜਿਆਦਾ ਹਨ।