district bar association election: ਲੁਧਿਆਣਾ (ਤਰਸੇਮ ਭਾਰਦਵਾਜ)-ਕਾਫੀ ਉਤਰਾਅ-ਚੜ੍ਹਾਅ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾ ਦਿਲਚਸਪ ਹੋ ਗਈਆਂ ਹਨ। ਅੱਜ ਸਵੇਰੇ ਸਾਢੇ 9 ਵਜੇ ਤੋਂ ਇਨ੍ਹਾਂ ਚੋਣਾਂ ਲਈ ਵੋਟਿੰਗ ਸ਼ੁਰੂ ਹੋਈ ਜੋ ਕਿ ਸ਼ਾਮ ਸਾਢੇ 4 ਵਜੇ ਤੱਕ ਚੱਲੇਗੀ। ਕੋਰੋਨਾਕਾਲ ਨੂੰ ਦੇਖਦੇ ਹੋਏ ਇਸ ਵਾਰ ਦੁੱਗਣੇ 10 ਬੂਥਾਂ ‘ਤੇ 3111 ਵਕੀਲ ਵੋਟਿੰਗ ਕਰਨਗੇ। ਦੇਰ ਸ਼ਾਮ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜਿਆਂ ਦੇ ਰੁਝਾਨ ਮਿਲਣਗੇ। ਦੇਰ ਰਾਤ ਤੱਕ ਮੁੱਖ ਅਹੁਦਿਆਂ ਦੇ ਨਤੀਜੇ ਐਲਾਨ ਹੋ ਸਕਦੇ ਹਨ।
ਦੂਜੇ ਪਾਸੇ ਫਾਇਨੈਂਸ ਸੈਕਟਰੀ ਦੇ ਅਹੁਦੇ ਦੇ ਉਮੀਦਵਾਰ ਯਾਦਵਿੰਦਰ ਸਿੰਘ ਨੇ ਨਾਂ ਵਾਪਸੀ ਦਾ ਪੱਤਰ ਬਾਰ ਕੌਂਸਲ ਨੂੰ ਭੇਜਿਆ ਸੀ, ਜੋ ਮਨਜ਼ੂਰ ਹੋ ਗਿਆ ਹੈ ਲਿਹਾਜ਼ਾ ਦੂਜੇ ਉਮੀਦਵਾਰ ਗੌਤਮ ਰਿਸ਼ੀ ਬਿਨਾਂ ਚੋਣ ਕਰਵਾਏ ਜੇਤੂ ਐਲਾਨ ਕਰ ਦਿੱਤੇ ਗਏ ਹਨ। ਸਹਾਇਕ ਰਿਟਰਨਿੰਗ ਅਫਸਰ ਗੁਰਪ੍ਰੀਤ ਸਿੰਘ ਅਰੋੜਾ ਨੇ ਇਸ ਦੀ ਤਸਦੀਕ ਕੀਤੀ। ਇਸ ਦੇ ਚੱਲਦਿਆਂ ਹੁਣ 10 ਅਹੁਦਿਆਂ ਲਈ 19 ਉਮੀਦਵਾਰਾਂ ‘ਚ ਮੁਕਾਬਲਾ ਹੋਵੇਗਾ। ਵੀਰਵਾਰ ਨੂੰ ਲਾਅਰਸ ਕੰਪਲੈਕਸ ‘ਚ ਚੋਣ ਸਰਗਰਮੀ ਦੇਖਣ ਨੂੰ ਮਿਲੀ। ਇਸ ਦੇ ਨਾਲ ਚੋਣ ਅਫਸਰਾਂ ਦੀ ਟੀਮ ਦੀ ਨਿਗਰਾਨੀ ‘ਚ ਪੋਲਿੰਗ ਬੂਥ ਬਣਾਉਣ ਤੋ ਇਲਾਵਾ ਬੈਲਟ ਬਾਕਸ ਦਰੁਸਤ ਕਰ ਕੇ ਰੱਖੇ ਗਏ ਹਨ।
ਚੋਣ ਮੈਦਾਨ ‘ਚ ਉਤਰੇ ਹਨ ਇਹ ਉਮੀਦਵਾਰ-
ਪ੍ਰੈਜੀਡੈਂਟ- ਗੁਰਕਿਰਪਾਲ ਸਿੰਘ ਗਿੱਲ, ਅੰਕੁਰ ਘਈ, ਹਰਜੋਤ ਸਿੰਘ ਹਰੀਕੇ
ਵਾਈਸ ਪ੍ਰੈਜੀਡੈਂਟ- ਰਜਨੀਸ਼ ਮਹਾਜਨ, ਕਰਨ ਵਰਮਾ ਅਤੇ ਪਰਵਿੰਦਰ ਸਿੰਘ
ਸੈਕਟਰੀ- ਗਗਨਦੀਪ ਸਿੰਘ ਸੈਨੀ, ਗੁਰਮੁਖ ਸਿੰਘ ਅਤੇ ਸੁਖਵਿੰਦਰ ਸਿੰਘ ਭਾਟੀਆ
ਜੁਆਇੰਟ ਸੈਕਟਰੀ- ਸਚਿਨ ਬਾਵਾ ਅਤੇ ਦਵਿੰਦਰ ਸਿੰਘ ਗਰੇਵਾਲ
ਐਗਜ਼ਿਵਕਿਊਟਿਵ ਮੈਂਬਰ ਕੁੱਲ 6 ਅਹੁਦੇ- ਅਮਿਤ ਗੁਪਤਾ, ਦਿਨੇਸ਼ ਕੁਮਾਰ, ਗਗਨਦੀਪ ਬਤਰਾ, ਕਰਨ ਸਿੰਘ, ਸਾਗਰ ਲਕਸ਼, ਸੁਮਨ ਚੌਧਰੀ, ਸੁਨੀਤਾ ਅਤੇ ਸਨਲ ਆਦਿ।
ਦੱਸਣਯੋਗ ਹੈ ਕਿ ਪਹਿਲਾਂ ਆਨਲਾਈਨ ਦੀ ਬਜਾਏ ਫਿਜ਼ੀਕਲ ਚੋਣ ਕਰਵਾਉਣ ਦੇ ਵਿਰੋਧ ‘ਚ ਪ੍ਰੈਜੀਡੈਂਟ ਅਹੁਦੇ ਦੇ ਉਮੀਦਵਾਰ ਐਡਵੋਕੇਟ ਹਰਜੋਤ ਸਿੰਘ ਹਰੀਕੇ ਨੇ ਵਿਰੋਧ ‘ਚ ਪਿਛਲੇ ਦਿਨੀਂ ਹਾਈਕੋਰਟ ‘ਚ ਰਿਟ ਲਾਈ ਸੀ, ਜਿਸ ‘ਤੇ ਜਸਟਿਸ ਜੈਸ਼੍ਰੀ ਠਾਕੁਰ ਨੇ ਬਾਰ ਕੌਂਸਿਲ ਨੂੰ ਸੁਣਵਾਈ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ। ਵੀਰਵਾਰ ਨੂੰ ਅਦਾਲਤ ਨੇ ਇਸ ਮਾਮਲੇ ‘ਚ 16 ਨਵੰਬਰ ਨੂੰ ਸੁਣਵਾਈ ਦਾ ਆਦੇਸ਼ ਜਾਰੀ ਕੀਤਾ।