dog lost life saved thieves: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਕਾਰੋਬਾਰੀ ਦੇ ਘਰ ‘ਚ ਲੁੱਟ ਦੀ ਨੀਅਤ ਨਾਲ ਪਹੁੰਚੇ ਲੁਟੇਰਿਆਂ ਪਾਲਤੂ ਕੁੱਤੇ ਨੂੰ ਦਾਤ ਨਾਲ ਵੱਢ ਸੁੱਟਿਆਂ। ਮੌਕੇ ‘ਤੇ ਲੁਟੇਰੇ ਫਰਾਰ ਹੋ ਗਏ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਾਰੋਬਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਘਰ ‘ਚ ਪੀ.ਓ.ਪੀ ਦਾ ਕੰਮ ਸ਼ੁਰੂ ਕਰਵਾਇਆ ਸੀ। ਘਰ ‘ਚ ਕੰਮ ਸ਼ੁਰੂ ਕਰਵਾਉਣ ਤੋਂ ਬਾਅਦ ਉਹ ਕਾਰੋਬਾਰ ਸਬੰਧੀ ਸ਼ਹਿਰ ਤੋਂ ਬਾਹਰ ਚਲੇ ਗਏ। ਸੁਖਦੇਵ ਸਿੰਘ ਮੁਤਾਬਕ ਉਨ੍ਹਾਂ ਦੀ ਪਤਨੀ ਘਰ ‘ਚ ਇਕੱਲੀ ਹੀ ਸੀ। ਸ਼ਾਮ ਸਵਾ ਪੰਜ ਵਜੇ ਦੇ ਕਰੀਬ ਪੰਜ ਨਕਾਬਪੋਸ਼ ਵਿਅਕਤੀ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ। ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਅੰਦਰ ਦਾਖਲ ਹੁੰਦਿਆਂ ਦੇਖ ਉਨ੍ਹਾਂ ਦਾ ਪਾਲਤੂ ਕੁੱਤਾ ਭੌਂਕਣ ਲੱਗ ਪਿਆ। ਬਦਮਾਸ਼ਾਂ ਨੇ ਕੁੱਤੇ ‘ਤੇ ਦਾਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਾਰੋਬਾਰੀ ਦੀ ਪਤਨੀ ਕਮਰੇ ਤੋਂ ਬਾਹਰ ਆਈ। ਔਰਤ ਦੇ ਰੌਲਾ ਪਾਉਣ ‘ਤੇ ਜਿਸ ਤਰ੍ਹਾਂ ਹੀ ਲੁਟੇਰੇ ਫ਼ਰਾਰ ਹੋਣ ਲੱਗੇ ਔਰਤ ਨੇ ਉਨ੍ਹਾਂ ‘ਚੋਂ ਇੱਕ ਦਾ ਚਿਹਰਾ ਪਛਾਣ ਲਿਆ। ਕਾਰੋਬਾਰੀ ਦੀ ਪਤਨੀ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਆਏ ਮੁਲਜ਼ਮਾਂ ‘ਚੋਂ ਇਕ ਵਿਅਕਤੀ ਉਨ੍ਹਾਂ ਦੇ ਘਰ ਪੀ.ਓ.ਪੀ ਦਾ ਕੰਮ ਕਰਨ ਵਾਲਾ ਸਚਿਨ ਸੀ। ਇਸ ਮਾਮਲੇ ‘ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕਾਰੋਬਾਰੀ ਸੁਖਦੇਵ ਸਿੰਘ ਦੇ ਬਿਆਨਾਂ ਉੱਪਰ ਸਚਿਨ ਤੇ ਚਾਰ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਸਚਿਨ ਦੇ ਚਾਰ ਸਾਥੀ ਵੀ ਉਹੀ ਹਨ ਜੋ ਕਾਰੋਬਾਰੀ ਦੇ ਘਰ ‘ਚ ਪੀ.ਓ.ਪੀ ਦਾ ਕੰਮ ਕਰਨ ਆਏ ਸਨ। ਇਸ ਮਾਮਲੇ ‘ਚ ਜਾਂਚ ਅਧਿਕਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।






















