doraha tanker truck collide: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਦੋਹਾਰਾ ‘ਚ ਟੈਂਪੂ ਅਤੇ ਟਰੱਕ ਦੀ ਜਬਰਦਸਤ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਰੂਹ ਕੰਬਾਊ ਹਾਦਸੇ ਦੌਰਾਨ 2 ਔਰਤਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਦਸੇ ਵਾਲੇ ਸਥਾਨ ‘ਤੇ ਕਾਫੀ ਵੱਡਾ ਜਾਮ ਲੱਗ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਦੱਸ ਦੇਈਏ ਕਿ ਇਹ ਹਾਦਸਾ ਦਿੱਲੀ-ਲੁਧਿਆਣਾ ਹਾਈਵੇਅ ‘ਤੇ ਪੈਂਦੇ ਦੋਰਾਹਾ ਕਸਬੇ ਦੇ ਫਲਾਈਓਵਰ ਨੇੜੇ ਵਾਪਰਿਆ।
ਦੱਸਣਯੋਗ ਹੈ ਕਿ ਇਹ ਹਾਦਸਾ ਅੱਜ ਸਵੇਰੇ ਸਵਾ ਕੁ 6 ਵਜੇ ਕਰੀਬ ਵਾਪਰਿਆ, ਜਦੋਂ ਭੱਠੇ ਦੀ ਲੇਬਰ ਲੈ ਕੇ ਜਾ ਰਿਹਾ ਇਕ ਟੈਂਪੂ ਦੋਰਾਹਾ ਨੇੜੇ ਪੁੱਜਾ ਤਾਂ ਅਚਾਨਕ ਗਲਤੀ ਨਾਲ ਮੋਗਾ (ਦੱਖਣੀ ਬਾਈਪਾਸ) ਨੂੰ ਮੁੜਣ ਦੀ ਬਜਾਏ ਸਿੱਧਾ ਹਾਈਵੇ ‘ਤੇ ਫਲਾਈਓਵਰ ਚੜ੍ਹਣ ਲੱਗਾ, ਜਿਸ ਦੇ ਇੱਕਦਮ ਬਰੇਕ ਮਾਰਨ ਕਾਰਣ ਪਿਛੋਂ ਆ ਰਹੇ ਟਰੱਕ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਵੇਂ ਵਾਹਨ ਹਾਈਵੇਅ ‘ਤੇ ਹੀ ਪਲਟ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ‘ਚ ਸਵਾਰ 15 ਦੇ ਕਰੀਬ ਸਵਾਰੀਆਂ ਹਾਈਵੇਅ ‘ਤੇ ਜਾ ਡਿੱਗੀਆਂ। ਇਸ ਮੌਕੇ ਭਾਰੀ ਚੀਕ ਚਿਹਾੜਾ ਮੱਚ ਗਿਆ, ਬਾਅਦ ‘ਚ ਦੋਵੇਂ ਮ੍ਰਿਤਕ ਜਨਾਨੀਆਂ ਦੀ ਪਛਾਣ ਕਾਜਲ (20 ਸਾਲ) ਪੁੱਤਰੀ ਮੁਕੇਸ਼ ਵਾਸੀ ਪਿੰਡ ਪਾਵਲੀ ਖਾਟ ਜ਼ਿਲ੍ਹਾ ਮੇਰਠ ਅਤੇ ਬਾਲਾ (45 ਸਾਲ) ਪਤਨੀ ਰਜਿੰਦਰ ਵਾਸੀ ਪਿੰਡ ਨਨਹੇੜਾ ਜ਼ਿਲ੍ਹਾ ਮੁਜ਼ਫਰ ਨਗਰ ਵਜੋਂ ਹੋਈ ਹੈ।
ਇਸ ਹਾਦਸੇ ਕਾਰਨ ਹਾਈਵੇਅ ‘ਤੇ ਜਾਮ ਲੱਗ ਗਿਆ, ਜਿਸ ਕਾਰਨ ਗੱਡੀਆਂ-ਟਰੱਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਰਾਹਾ ਪੁਲਸ ਵੱਲੋਂ ਇਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈਣ ਉਪਰੰਤ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤੀਆਂ ਹਨ।