drunk acting police uniform case: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੀਤੇ ਦਿਨ ਵੀਡੀਓ ਰਾਹੀਂ ਸ਼ਰਾਬ ਨੂੰ ਕੋਰੋਨਾ ਦੀ ਦਵਾਈ ਦੱਸਣ ਵਾਲੇ ਐਕਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਉਕਤ ਦੋਸ਼ੀ ਨੇ ਪੁਲਿਸ ਇੰਸਪੈਕਟਰ ਦੀ ਵਰਦੀ ‘ਚ ਵੀਡੀਓ ਬਣਾਈ ਸੀ, ਜਿਸ ‘ਚ ਸ਼ਰਾਬ ਨੂੰ ਕੋਰੋਨਾ ਦੀ ਦਵਾਈ ਦੱਸਿਆ ਸੀ ਅਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਪੁਲਿਸ ਨੇ ਥਾਣਾ ਡੀਵੀਜ਼ਨ ਨੰਬਰ 7 ‘ਚ ਅਪਰਾਧਿਕ ਮਾਮਲਾ ਦਰਜ ਕਰਕੇ ਕੇ ਉਸ ਨੂੰ ਕਾਬੂ ਕਰ ਲਿਆ ਹੈ। ਇਸ ਘਿਨੌਣੀ ਹਰਕਤ ‘ਤੇ ਦੋਸ਼ੀ ਨੇ ਵੀਡੀਓ ਪਾ ਕੇ ਮਾਫੀ ਵੀ ਮੰਗੀ ਹੈ। ਇਸ ਤੋਂ ਬਾਅਦ ਦੋਸ਼ੀ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ।
ਦੱਸਣਯੋਗ ਹੈ ਕਿ ਬੀਤੇ ਦਿਨਾਂ ਤੋਂ ਇਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਐਕਸਯੂਵੀ ਗੱਡੀ ਦੇ ਕੋਲ ਖੜ੍ਹੇ ਹੋ ਕੇ ਬਣਾਈ ਗਈ ਹੈ। ਇਸ ਦੇ ਨਾਲ ਹੀ ਪੁਲਿਸ ਦੀ ਵਰਦੀ ‘ਚ ਐੱਮ.ਆਈ.ਜੀ ਕਾਲੋਨੀ ਸੈਕਟਰ-32 ਨਿਵਾਸੀ ਕੁਲਵੰਤ ਸਿੰਘ ਵੀਡੀਓ ‘ਚ ਦਿਖਾਈ ਦੇ ਰਿਹਾ ਹੈ। ਵੀਡੀਓ ਬਣਾ ਰਿਹਾ ਵਿਅਕਤੀ ਉਸ ਤੋਂ ਪੁੱਛਦਾ ਹੈ ਕਿ ਤੁਸੀਂ ਕੋਰੋਨਾ ਤੋਂ ਬਚਣ ਲਈ ਕੀ ਕਰਦੇ ਹੋ ਤਾਂ ਉਹ ਆਪਣੀ ਜੇਬ ‘ਚੋਂ ਸ਼ਰਾਬ ਦੀ ਬੋਤਲ ਅਤੇ ਗੱਡੀ ‘ਚੋਂ ਗਿਲਾਸ ਦੇ ਨਾਲ ਪਾਣੀ ਦੀ ਬੋਤਲ ਕੱਢਦਾ ਹੈ।ਸ਼ੋਸ਼ਲ ਮੀਡੀਆ ‘ਤੇ ਵੀਡੀਓ ਦਾ ਵਾਇਰਲ ਹੋਣ ਤੋਂ ਬਾਅਦ ਪੁਲਿਸ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ। ਪੁਲਿਸ ਨੇ ਸਖਤ ਕਦਮ ਚੁੱਕਦੇ ਹੋਏ ਸ਼ਨੀਵਾਰ ਨੂੰ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਕਮਿਸ਼ਨਰ ਆਫ ਪੁਲਿਸ ਦੇ ਫੇਸਬੁੱਕ ਪੇਜ ‘ਤੇ ਪਾਏ ਗਏ ਵੀਡੀਓ ‘ਚ ਉਕਤ ਦੋਸ਼ੀ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਦੂਜੇ ਪਾਸੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਨੇ ਇੰਝ ਕਰ ਕੇ ਪੁਲਿਸ ਦਾ ਅਕਸ਼ ਖਰਾਬ ਕੀਤਾ ਹੈ।