dyeing building collapse boiler blast: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਦਿਨ ਚੜ੍ਹਦਿਆਂ ਹੀ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਬਲਾਸਟ ਹੋਣ ਕਾਰਨ ਫੈਕਟਰੀ ਦੀ ਇਮਾਰਤ ਡਿੱਗ ਗਈ। ਹਾਦਸੇ ਦੌਰਾਨ 8 ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਦਕਿ 3 ਮੌਤਾਂ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਹਾਦਸੇ ਦੌਰਾਨ ਰੰਗਾਈ ਕਰਨ ਵਾਲੇ ਟੈਂਕ ਦੇ ਪਰਖੱਚੇ ਤੱਕ ਉੱਡ ਗਏ, ਜੋ ਕਿ ਨੇੜੇ ਦੀਆਂ ਫੈਕਟਰੀਆਂ ਅਤੇ ਘਰਾਂ ‘ਚ ਜਾ ਕੇ ਡਿੱਗੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਰਅਸਲ ਇਹ ਹਾਦਸਾ ਤਾਜਪੁਰ ਰੋਡ ‘ਤੇ ਗੀਤਾ ਨਗਰ ਸਥਿਤ ਏ.ਡੀ ਡਾਇੰਗ ਫੈਕਟਰੀ ‘ਚ ਵਾਪਰਿਆ। ਇਕ ਮਜ਼ਦੂਰ ਨੇ ਦੱਸਿਆ ਹੈ ਕਿ ਤਿਉਹਾਰ ਦਾ ਸੀਜ਼ਨ ਹੋਣ ਕਾਰਨ ਫੈਕਟਰੀ ‘ਚ ਕੱਪੜਾ ਰੰਗਾਈ ਦਾ ਕੰਮ ਦਿਨ-ਰਾਤ ਚੱਲਦਾ ਰਹਿੰਦਾ ਹੈ। ਐਤਵਾਰ ਸਵੇਰਸਾਰ ਲਗਭਗ ਪੌਣੇ 5 ਵਜੇ ਰੰਗਾਈ ਵਾਲੇ ਟੈਂਕ ‘ਚ ਬਲਾਸਟ ਹੋ ਗਿਆ। ਇਸ ਕਾਰਨ ਉੱਥੇ ਕੰਮ ਕਰ ਰਹੇ ਮਜ਼ਦੂਰ ਜ਼ਖਮੀ ਹੋ ਗਏ। ਟੈਂਕ ‘ਚ ਬਲਾਸਟ ਇੰਨਾ ਭਿਆਨਕ ਰੂਪ ‘ਚ ਹੋਇਆ ਕਿ ਟੈਂਕ ਦੇ ਟੁਕੜੇ ਨੇੜੇ ਦੀਆਂ ਫੈਕਟਰੀਆਂ ਅਤੇ ਘਰਾਂ ‘ਚ ਮਿਲੇ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਤਾਜਪੁਰ ਚੌਕੀ ਪੁਲਿਸ ਅਤੇ ਥਾਣਾ ਡੀਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਜਾਰੀ ਹੈ।