electricity current 2 employees injured ਲੁਧਿਆਣਾ, (ਤਰਸੇਮ ਭਾਰਦਵਾਜ)-ਮਾਛੀਵਾੜਾ ਵਿਖੇ ਬਿਜਲੀ ਗਰਿੱਡ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਮਾਛੀਵਾੜਾ ਵਿਖੇ ਅੱਧੀ ਰਾਤ ਨੂੰ ਬਿਜਲੀ ਸਪਲਾਈ ਠੀਕ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਕਰੰਟ ਲੱਗਣ ਨਾਲ ਜ਼ਖ਼ਮੀਂ ਹੋ ਗਏ, ਜੋ ਇਲਾਜ ਲਈ ਹਸਪਤਾਲ ਦਾਖ਼ਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਵਿਖੇ ਬਿਜਲੀ ਸਪਲਾਈ ਖ਼ਰਾਬ ਹੋ ਗਈ, ਜਿਸ ’ਤੇ ਟਰਾਂਸਫਾਰਮ ਨੂੰ ਠੀਕ ਕਰਨ ਲਈ ਬਿਜਲੀ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਮੌਕੇ ’ਤੇ ਪੁੱਜੇ।
ਇਨ੍ਹਾਂ ਦੋਵਾਂ ਮੁਲਾਜ਼ਮਾਂ ਵੱਲੋਂ ਗਰਿੱਡ ’ਤੇ ਬੈਠੇ ਮੁਲਾਜ਼ਮ ਨੂੰ ਬਿਜਲੀ ਸਪਲਾਈ ਬੰਦ ਕਰਨ ਨੂੰ ਕਿਹਾ ਗਿਆ ਅਤੇ ਉਸ ਤੋਂ ਬਾਅਦ ਇਹ ਦੋਵੇਂ ਟਰਾਂਸਫਾਰਮ ਠੀਕ ਕਰਨ ਲਈ ਚੜ੍ਹ ਗਏ। ਅਜੇ ਦੋਵੇਂ ਕਰਮਚਾਰੀ ਬਿਜਲੀ ਸਪਲਾਈ ਠੀਕ ਕਰ ਰਹੇ ਸਨ ਕਿ ਅਚਾਨਕ ਗਰਿੱਡ ਤੋਂ ਬਿਜਲੀ ਛੱਡ ਦਿੱਤੀ ਗਈ, ਜਿਸ ਤੋਂ ਦੋਵਾਂ ਨੂੰ ਜ਼ਬਰਦਸਤ ਕਰੰਟ ਲੱਗਿਆ ਅਤੇ ਉਹ ਜ਼ਮੀਨ ’ਤੇ ਆ ਡਿੱਗੇ। ਬਿਜਲੀ ਮਹਿਕਮੇ ’ਚ ਪੱਕੇ ਤੌਰ ’ਤੇ ਕੰਮ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਦੀਆਂ ਦੋਵੇਂ ਲੱਤਾਂ ’ਤੇ ਸੱਟਾਂ ਲੱਗੀਆਂ, ਜਦੋਂ ਕਿ ਕੱਚੇ ਮੁਲਾਜ਼ਮ ਬੂਟਾ ਸਿੰਘ ਦੀ ਧੌਣ ਦਾ ਮਣਕਾ ਹਿਲ ਗਿਆ।ਡਿਊਟੀ ’ਤੇ ਮੁਲਾਜ਼ਮ ਸੁੱਕਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਗਰਿੱਡ ’ਤੇ ਬੈਠੇ ਮੁਲਾਜ਼ਮ ਦੀ ਲਾਪਰਵਾਹੀ ਕਾਰਣ ਹੋਇਆ, ਜਿਸ ਨੇ ਬਿਨ੍ਹਾਂ ਦੱਸੇ ਬਿਜਲੀ ਛੱਡ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਧੀ ਰਾਤ ਦਾ ਹਾਦਸਾ ਹੋਇਆ ਹੈ ਪਰ ਅਜੇ ਤੱਕ ਬਿਜਲੀ ਮਹਿਕਮੇ ਦਾ ਕੋਈ ਅਧਿਕਾਰੀ ਉਨ੍ਹਾਂ ਦੇ ਇਲਾਜ ਲਈ ਜਾਂ ਹਾਲ-ਚਾਲ ਜਾਣਨ ਨਹੀਂ ਪੁੱਜਾ,ਦੂਜੇ ਪਾਸੇ ਠੇਕੇਦਾਰੀ ਸਿਸਟਮ ਰਾਹੀਂ ਡਿਊਟੀ ਕਰ ਰਹੇ ਬੂਟਾ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਸ ਹਾਦਸੇ ’ਚ ਉਨ੍ਹਾਂ ਦੇ ਨੌਜਵਾਨ ਲੜਕੇ ਦੀ ਧੌਣ ਦਾ ਮਣਕਾ ਹਿੱਲ ਗਿਆ ਤੇ ਹੋਰ ਸੱਟਾਂ ਵੀ ਲੱਗੀਆਂ ਪਰ ਇਲਾਜ ਲਈ ਅਜੇ ਤੱਕ ਮਹਿਕਮੇ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਨਹੀਂ ਪੁੱਜਾ। ਖ਼ਬਰ ਲਿਖੇ ਜਾਣ ਤੱਕ ਜਖ਼ਮੀ ਮੁਲਾਜ਼ਮ ਬੂਟਾ ਸਿੰਘ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕੀਤਾ ਜਾ ਰਿਹਾ ਹੈ।