fake officer used cheat people: ਲੁਧਿਆਣਾ (ਤਰਸੇਮ ਭਾਰਦਵਾਜ)- ਨਕਲੀ ਅਧਿਕਾਰੀ ਬਣ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਠੱਲ ਪਾਉਣ ਵਾਲਿਆਂ ‘ਤੇ ਪੰਜਾਬ ਪੁਲਿਸ ਨੇ ਸ਼ਿੰਕਜਾ ਕੱਸਦਿਆਂ ਹੋਇਆ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨਕਲੀ ਲੈਫਟੀਨੈਂਟ ਕਰਨਲ ਬਣ ਕੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਰੈਕੇਟ ਚਲਾ ਰਿਹਾ ਸੀ। ਪੁਲਿਸ ਨੇ ਦੋਸ਼ੀ ਸ਼ਖਸ ਕੋਲੋ ਇਕ 32 ਬੋਰ ਦੀ ਨਾਜਾਇਜ਼ ਪਿਸਤੌਲ ਸਮੇਤ 3 ਕਾਰਤੂਸ, ਇਕ ਏਅਰ ਪਿਸਟਲ, 5 ਨਕਲੀ ਗੋਲ ਮੋਹਰਾਂ, ਇਕ ਵਾਕੀ-ਟਾਕੀ ਸੈੱਟ, ਆਰਮੀ ਦੇ ਲੈਫਟੀਨੈਂਟ ਕਰਨਲ ਦੀ ਕਾਲੇ ਰੰਗ ਦੀ ਵਰਦੀ, 2 ਹੋਰ ਫ਼ੌਜ ਦੀਆਂ ਕਾਲੇ ਰੰਗ ਦੀਆਂ ਵਰਦੀਆਂ, ਇਕ ਕਾਰ ਦੀ ਨੰਬਰ ਪਲੇਟ ‘ਤੇ ਲੱਗਿਆ ਭਾਰਤੀ ਫ਼ੌਜ ਦਾ ਲੋਗੋ, ਇਕ ਲੈਪਟਾਪ, ਫ਼ੌਜ ਦੇ ਜਾਅਲੀ ਦਸਤਾਵੇਜ਼, ਲੈਫ਼ਟੀਨੈਂਟ ਕਰਨਲ ਰੈਂਕ ਦਾ ਸ਼ਨਾਖ਼ਤੀ ਕਾਰਡ ਅਤੇ ਜਾਅਲੀ ਸਰਟੀਫਿਕੇਟ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਡਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਖਸ਼ ਦੀ ਪਛਾਣ ਸ਼ੋਬਰਾਜ ਸਿੰਘ ਉਰਫ਼ ਸ਼ਿਵਾ ਵਾਸੀ ਪਿੰਡ ਮੰਝ ਫਗੂਵਾਲਾ ਥਾਣਾ ਸਲੇਮਟਾਵਰੀ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ, ਜੋ ਕਿ ਫ਼ੌਜ ‘ਚ ਬਤੌਰ ਸਿਪਾਹੀ ਨੌਕਰੀ ਕਰਦਾ ਹੈ ਪਰ ਉਹ ਖੁਦ ਨੂੰ ਲੈਫਟੀਨੈਂਟ ਕਰਨਲ ਦੱਸਦਾ ਹੈ ਅਤੇ ਉਸ ਨੇ ਜ਼ਿਲ੍ਹਾ ਲੁਧਿਆਣਾ ਦੇ ਤਿੰਨ ਹੋਰ ਵਿਅਕਤੀਆਂ ਨਾਲ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ, ਜੋ ਕਿ ਸਮਾਜ ਦੇ ਭੋਲੇ-ਭਾਲੇ ਬੇਰੁਜ਼ਗਾਰ ਲੋਕਾਂ ਨੂੰ ਫੌਜ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਦਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਨ ‘ਚ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਐਸ.ਪੀ. (ਜਾਂਚ) ਹਰਪਾਲ ਸਿੰਘ ਦੀਆਂ ਹਦਾਇਤਾਂ ਤਹਿਤ ਡੀ.ਐਸ.ਪੀ. (ਜਾਂਚ) ਰਘਬੀਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਖਾਸ ਮੁਖ਼ਬਰ ਦੀ ਇਤਲਾਹ ‘ਤੇ ਕਥਿਤ ਦੋਸ਼ੀ ਸ਼ੋਬਰਾਜ ਸਿੰਘ ਨੂੰ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਕੇ ਹੋਰ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।