farmers coal fertilizer trains: ਲੁਧਿਆਣਾ (ਤਰਸੇਮ ਭਾਰਦਵਾਜ)-ਕਿਸਾਨ ਜਥੇਬੰਦੀਆਂ ਨੇ ਸੂਬੇ ‘ਚ ਕੋਲਾ, ਖਾਦਾਂ ਅਤੇ ਕਿਸਾਨੀ ਨਾਲ ਸੰਬੰਧਤ ਹੋਰ ਜ਼ਰੂਰੀ ਵਸਤਾਂ ਲੈ ਕੇ ਆਉਣ ਵਾਲੀਆਂ ਮਾਲ ਗੱਡੀਆਂ ਲਈ ਵੱਡਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਹੁਣ ਇਨ੍ਹਾਂ ਮਾਲ ਗੱਡੀਆਂ ਨੂੰ ਬੰਦ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਬਿਜਲੀ ਘਰਾਂ ਲਈ ਕੋਲਾ ਲਿਆਉਣਾ ਚਾਹੁੰਦੀ ਹੈ ਤਾਂ ਕਿਸਾਨ ਇਨ੍ਹਾਂ ਮਾਲ ਗੱਡੀਆਂ ਨੂੰ ਸਾਰੇ ਟਰੈਕਾਂ ਤੋਂ ਅੱਗੇ ਲੰਘਾਉਣਗੇ ਅਤੇ ਕਿਸੇ ਵੀ ਟਰੈਕ ਤੋਂ ਮਾਲ ਗੱਡੀਆਂ ਨੂੰ ਰੋਕਿਆ ਨਹੀਂ ਜਾਏਗਾ।
ਦੱਸਣਯੋਗ ਹੈ ਕਿ ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨਾਂ ਵੱਲੋਂ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੇ ‘ਰੇਲ ਰੋਕੋ’ ਅੰਦੋਲਨ ਕਾਰਨ ਸੂਬੇ ‘ਚ ਕੋਲੇ ਦੀ ਘਾਟ ਦੇ ਸਿੱਟੇ ਵਜੋਂ ਬਿਜਲੀ ਆਫ਼ਤ ਪੈਦਾ ਹੋਣ ਸਮੇਤ ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਥੁੜ ਹੋਣ ਲੱਗ ਪਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਸਮਰਾਲਾ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੀਡੀਆ ਰਾਹੀਂ ਸਰਕਾਰ ਨੂੰ ਇਹ ਸੁਨੇਹਾ ਭੇਜਦੇ ਹਾਂ ਕਿ ਜੇਕਰ ਸਰਕਾਰ ਬਿਜਲੀ ਘਰਾਂ ਲਈ ਕੋਲਾ ਲਿਆਉਣਾ ਚਾਹੁੰਦੀ ਹੈ ਤਾਂ ਕਿਸਾਨ ਖੁਦ ਇਨ੍ਹਾਂ ਮਾਲ ਗੱਡੀਆਂ ਨੂੰ ਸਾਰੇ ਟਰੈਕਾਂ ਤੋਂ ਅੱਗੇ ਲੰਘਾਉਣਗੇ। ਇਸ ਤੋਂ ਇਲਾਵਾ ਖੇਤੀ ਖਾਦਾਂ ਸਮੇਤ ਕਿਰਸਾਨੀ ਦੇ ਉਪਯੋਗ ਲਈ ਜ਼ਰੂਰੀ ਵਸਤਾਂ ਲੈ ਕੇ ਆਉਣ ਵਾਲੀਆਂ ਮਾਲ ਗੱਡੀਆਂ ਨੂੰ ਵੀ ਕਿਸੇ ਟਰੈਕ ‘ਤੇ ਕਿਸਾਨਾਂ ਵੱਲੋਂ ਨਹੀਂ ਰੋਕਿਆ ਜਾਵੇਗਾ।ਉਨ੍ਹਾਂ ਕਿਹਾ ਕਿ ਉਂਝ ਕਿਸਾਨਾਂ ਵੱਲੋਂ ਆਪਣਾ ਰੇਲ ਰੋਕੋ ਅੰਦੋਲਨ 15 ਅਕਤੂਬਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੋਇਆ ਹੈ ਅਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।