first blood bank dogs: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ‘ਚ ਖਾਸ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ, ਜੋ ਕਿ ਕੁੱਤਿਆਂ ਲਈ ਹੈ। ਇਹ ਉੱਤਰੀ ਭਾਰਤ ‘ਚ ਕੁੱਤਿਆਂ ਲਈ ਪਹਿਲਾਂ ਬਲੱਡ ਬੈਂਕ ਹੈ।ਇਥੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਜਾਂ ਦੁਰਘਟਨਾਵਾਂ ‘ਚ ਜ਼ਖਮੀ ਹੋਏ ਕੁੱਤਿਆਂ ਨੂੰ ਖੂਨ, ਪਲੇਟਲੈਟਸ, ਪਲਾਜ਼ਮਾ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਨੀ ਕੁੱਤਿਆਂ ਵੱਲੋਂ ਵੀ ਖੂਨ ਇਕੱਠਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਸਮਾਲ ਐਨੀਮਲ ਮਲਟੀ ਸਪੈਸ਼ਲਿਟੀ ਵੈਟਰਨਰੀ ਹਸਪਤਾਲ ‘ਚ ਬਣੇ ਬਲੱਡ ਬੈਂਕ ‘ਚ 120 ਤੋਂ ਵੱਧ ਬਿਮਾਰ ਕੁੱਤਿਆਂ ਦਾ ਖੂਨ ਚੜ੍ਹਾਇਆ ਜਾ ਚੁੱਕਾ ਹੈ। ਇੱਥੇ ਕੁਝ ਮਹੀਨਿਆਂ ‘ਚ ਵੱਡੇ ਜਾਨਵਰਾਂ ਦੇ ਲਈ ਵੀ ਬਲੱਡ ਬੈਂਕ ਬਣਾਉਣ ਦੀ ਯੋਜਨਾ ਹੈ।
ਮੈਡੀਸਨ ਡਿਪਾਰਟਮੈਂਟ ਦੇ ਐਸੋਸੀਏਟ ਪ੍ਰੋਫੈਸਰ, ਮੈਡੀਸਨ ਵਿਭਾਗ ਅਤੇ ਬਲੱਡ ਬੈਂਕ ਦੀ ਇੰਚਾਰਜ ਡਾ. ਸੁਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਕੁੱਤਿਆਂ ਲਈ ਬਲੱਡ ਬੈਂਕ ਸਥਾਪਤ ਕਰਨ ਲਈ 50 ਲੱਖ ਰੁਪਏ ਦਾ ਖਰਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਬਾਇਓਟੈਕਨਾਲੌਜੀ ਵਿਭਾਗ ਦੁਆਰਾ ਦੇਸ਼ ‘ਚ ਹੁਣ ਤੱਕ ਸਿਰਫ ਡੌਗ ਬਲੱਡ ਬੈਂਕ ਦੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲਾ ਬਲੱਡ ਬੈਂਕ ਚੇਨਈ ਵੈਟਰਨਰੀ ਯੂਨੀਵਰਸਿਟੀ ‘ਚ ਅਤੇ ਦੂਜਾ ਲੁਧਿਆਣਾ ‘ਚ ਹੈ ਅਤੇ ਇੱਥੇ ਆਧੁਨਿਕ ਮਸ਼ੀਨਾਂ ਹਨ। ਕੈਰਫਿਊਜ਼ ਮਸ਼ੀਨ ਕੁੱਤੇ ਤੋਂ ਪ੍ਰਾਪਤ ਹੋਏ ਲਹੂ ‘ਚੋਂ ਆਰ.ਬੀ.ਸੀ. (ਰੇਡ ਬਲੱਡ ਸੈੱਲ), ਪਲਾਜ਼ਮਾ ਅਤੇ ਪਲੇਟਲੈਟਾਂ ਨੂੰ ਵੱਖ ਕਰਦੀ ਹੈ। ਪਲਾਜ਼ਮਾ ਐਕਸਪ੍ਰੈਸਰ ਮਸ਼ੀਨ ਪਲਾਜ਼ਮਾ ਨੂੰ ਆਰ.ਬੀ.ਸੀ. ਤੋਂ ਵੱਖ ਕਰਨ ‘ਚ ਸਹਾਇਤਾ ਕਰਦੀ ਹੈ। ਪਲੇਟਲੈਟਸ ਨੂੰ ਸਪਸ਼ਟ ਕਰਨ ਵਾਲੀ ਕਮ ਇੰਕੂਵੇਟਰ ਮਸ਼ੀਨ ਪਲੇਟਲੈਟਸ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।
ਡਾ: ਸ਼ਰਮਾ ਨੇ ਦੱਸਿਆ ਕਿ ਹਰ ਸਾਲ ਤਕਰੀਬਨ 25 ਤੋਂ 30 ਹਜ਼ਾਰ ਬਿਮਾਰ ਪਾਲਤੂ ਕੁੱਤਿਆਂ ਨੂੰ ਯੂਨੀਵਰਸਿਟੀ ਹਸਪਤਾਲ ‘ਚ ਇਲਾਜ ਲਈ ਲਿਆਇਆ ਜਾਂਦਾ ਹੈ। ਇਨ੍ਹਾਂ ‘ਚੋਂ 500 ਦੇ ਕਰੀਬ ਕੁੱਤੇ ਅਨੀਮੀਆ ਦਾ ਸ਼ਿਕਾਰ ਹਨ। ਕਈ ਕੁੱਤਿਆਂ ‘ਚ ਪਲੇਟਲੈਟਸ ਦੀ ਘਾਟ ਹੁੰਦੀ ਹੈ। ਆਮ ਤੌਰ ‘ਤੇ ਤੰਦਰੁਸਤ ਕੁੱਤਿਆਂ ‘ਚ ਖੂਨ (ਹੀਮੋਗਲੋਬਿਨ) ਦੀ ਮਾਤਰਾ 12 ਤੋਂ 15 ਗ੍ਰਾਮ ਅਤੇ ਪਲੇਟਲੈਟਸ ਦੀ ਮਾਤਰਾ ਢਾਈ ਤੋਂ ਪੰਜ ਲੱਖ ਦੇ ਵਿਚਕਾਰ ਹੁੰਦੀ ਹੈ। ਕੁੱਤਿਆਂ ਦਾ ਪਹਿਲਾਂ ਇਲਾਜ਼ ਸਿਰਫ ਦਵਾਈਆਂ ਰਾਹੀਂ ਕੀਤਾ ਜਾਂਦਾ ਸੀ ਪਰ ਬਿਮਾਰ ਕੁੱਤੇ ਲਹੂ ਦੀ ਘਾਟ ਕਾਰਨ ਮਰ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ।
ਡਾ. ਸ਼ਰਮਾ ਨੇ ਦੱਸਿਆ ਹੈ ਕਿ ਖੂਨ ਚੜ੍ਹਾਉਣ ਤੋਂ ਪਹਿਲਾਂ ਅਸੀਂ ਦਾਨਦਾਤਾ ਕੁੱਤੇ ਅਤੇ ਬੀਮਾਰ ਕੁੱਤੇ ਦੇ ਲਹੂ ਦੀ ਕ੍ਰਾਸ ਮੈਚਿੰਗ ਕਰਦੇ ਹਾਂ। ਕੁੱਤਿਆਂ ‘ਚ 13 ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਹਨ, ਜਿਸ ‘ਚ 65 ਫੀਸਦੀ ਕੁੱਤਿਆਂ ਦਾ ਬਲੱਡ ਗਰੁੱਪ ਡੀ.ਈ.ਏ 1.1 ਹੁੰਦਾ ਹੈ। ਬਲੱਡ ਚੜਾਉਣ ਦੀ ਜਰੂਰਤ ਉਦੋਂ ਪੈਂਦੀ ਹੈ, ਜਦੋਂ ਕੁੱਤੇ ਦੇ ਸਰੀਰ ‘ਚ ਹੀਮੋਗਲੋਬਿਨ 5 ਗ੍ਰਾਮ ਤੋਂ ਘੱਟ ਹੋਵੇ ਜਾਂ ਪਲੇਟਲੈਟਸ ਦੀ ਮਾਤਰਾ ਸਿਰਫ 50 ਹਜ਼ਾਰ ਤੋਂ ਘੱਟ ਹੋਵੇ। ਕੁੱਤੇ ਤੋਂ ਮਿਲੇ ਪਲੇਟਲੈਟਸ ਨੂੰ 6 ਦਿਨ, ਆਰ.ਬੀ.ਸੀ ਨੂੰ 28 ਤੋਂ 30 ਦਿਨ ਅਤੇ ਪਲਾਜ਼ਮਾ ਨੂੰ ਇਕ ਤੋਂ 2 ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਕ ਬਲੱਡ ਬੈਗ ਚੜਾਉਣ ‘ਚ 200 ਤੋਂ 300 ਰੁਪਏ ਦਾ ਖਰਚਾ ਆਉਂਦਾ ਹੈ। ਇਕ ਬੈਗ ‘ਚ 450 ਐੱਮ.ਐੱਲ ਬਲੱਡ ਹੁੰਦਾ ਹੈ। ਦਾਨਦਾਤਾ ਕੁੱਤਿਆਂ ਦੀ ਵੀ ਜਰੂਰਤ ਹੈ। ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਕੁੱਤਿਆਂ ਨੂੰ ਕੋਈ ਬੀਮਾਰੀ ਨਾ ਹੋਵੇ।