food safety department sampling festivals: ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਤੋਂ ਪਹਿਲਾਂ ਜ਼ਿਲਾ ਦੇ ਫੂਡ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਉਦਪਾਦਾਂ ਦੇ ਸੈਂਪਲ ਭਰੇ ਜਾ ਰਹੇ ਹਨ ਪਰ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਤਿਉਹਾਰਾਂ ਤੋਂ ਬਾਅਦ ਹੀ ਮਿਲ ਸਕੇਗੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੂਬੇ ‘ਚ ਇਕ ਹੀ ਸਟੇਟ ਲੈਬ ਹੈ, ਜਿੱਥੇ ਸੂਬੇ ਭਰ ਦੇ ਸੈਂਪਲਾਂ ਜਾ ਰਹੇ ਹਨ। ਹਾਲਾਤ ਇਹ ਹਨ ਕਿ ਸਤੰਬਰ ਮਹੀਨੇ ਦੇ ਗਏ ਕਈ ਸੈਂਪਲਾਂ ਦੀ ਵੀ ਰਿਪੋਰਟ ਹੁਣ ਤੱਕ ਹਾਸਲ ਨਹੀਂ ਹੋਈ ਹੈ ਜਦਕਿ ਇਸ ਮਹੀਨੇ ਵੀ 200 ਤੋਂ ਜਿਆਦਾ ਸੈਂਪਲਾਂ ਲਏ ਗਏ ਹਨ। ਉਨ੍ਹਾਂ ਦੀ ਰਿਪੋਰਟ ਕਦੋਂ ਆਵੇਗੀ, ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਜਦਕਿ ਸਟੇਟ ਲੈਬ ‘ਚ ਭੇਜੇ ਜਾਣ ਵਾਲੇ ਸੈਂਪਲਾਂ ਦੀ ਰਿਪੋਰਟ ਜਿਆਦਾ ਤੋਂ ਜਿਆਦਾ 14 ਦਿਨਾਂ ‘ਚ ਆ ਜਾਂਦੀ ਹੈ ਹਾਲਾਂਕਿ ਇਸ ਬਾਰੇ ਪਹਿਲਾਂ ਦੇ ਤਿਉਹਾਰੀ ਸੀਜ਼ਨ ਦੇ ਮੁਕਾਬਲੇ ਕਾਫੀ ਸੈਂਪਲ ਲਏ ਗਏ ਹਨ ਪਰ ਰਿਪੋਰਟ ਆਉਣ ਤੱਕ ਉਹ ਫੂਡ ਖਾਣੇ ਲਾਇਕ ਰਹਿਣਗੇ ਜਾ ਨਹੀਂ, ਇਸ ਬਾਰੇ ਨਹੀਂ ਦੱਸਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਜੁਲਾਈ ਮਹੀਨੇ ਤੋਂ ਹੁਣ ਤੱਕ ਜ਼ਿਲ੍ਹੇ ‘ਚ 482 ਦੁੱਧ, ਦੁੱਧ ਦੇ ਉਤਪਾਦਾਂ ਅਤੇ ਹੋਰ ਉਤਪਾਦਾਂ ਦੇ ਸੈਂਪਲ ਭਰੇ ਗਏ ਹਨ। ਇਸ ‘ਚ ਜੁਲਾਈ ਮਹੀਨੇ ‘ਚ 89 ਕੁੱਲ ਸੈਂਪਲ ਲਏ ਗਏ। ਇਨ੍ਹਾਂ ‘ਚ 75 ਸੈਂਪਲ ਪਾਸ ਰਹੇ ਜਦਕਿ 14 ਫੇਲ ਹੋਏ। ਅਗਸਤ ਮਹੀਨੇ ‘ਚ 98 ਸੈਂਪਲਾਂ ‘ਚੋਂ 80 ਪਾਸ ਹੋਏ ਜਦਕਿ 17 ਫੇਲ ਰਹੇ। ਸਤੰਬਰ ਮਹੀਨੇ ‘ਚ 78 ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 51 ਦੀ ਰਿਪੋਰਟ ਮਿਲੀ ਹੈ, ਜਿਨ੍ਹਾਂ 36 ਪਾਸ ਜਦਕਿ 15 ਫੇਲ ਪਾਏ ਗਏ। ਇਸ ਦੇ ਨਾਲ 27 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ, ਜਦਕਿ ਅਕਤੂਬਰ ‘ਚ ਹੁਣ ਤੱਕ 217 ਸੈਂਪਲ ਲਏ ਗਏ। ਇਸ ‘ਚ ਹੁਣ ਤੱਕ ਇਕ ਦੀ ਵੀ ਰਿਪੋਰਟ ਨਹੀਂ ਮਿਲ ਸਕੀ ਹੈ।
ਡੀ.ਐੱਚ.ਓ ਡਾ. ਰਾਜੇਸ਼ ਗਰਗ ਨੇ ਦੱਸਿਆ ਹੈ ਕਿ ਪਹਿਲਾਂ ਸਟੇਟ ਲੈਬ ‘ਚ ਕੁਝ ਮੁਲਜ਼ਮ ਕੋਵਿਡ ਪਾਜ਼ੀਟਿਵ ਆ ਗਏ ਸੀ। ਇਸ ਕਾਰਨ ਦੇਰੀ ਹੋਈ। ਹੁਣ ਸੂਬੇ ਭਰ ‘ਚ ਤਿਉਹਾਰਾਂ ਦੇ ਕਾਰਨ ਜਿਆਦਾ ਸੈਂਪਲਿੰਗ ਹੋ ਰਹੀ ਹੈ। ਇਸ ਲਈ ਰਿਪੋਰਟ ਆਉਣ ‘ਚ ਕੁਝ ਸਮਾਂ ਲੱਗ ਰਿਹਾ ਹੈ ਪਰ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਜਲਦੀ ਮਿਲਣ ਦੀ ਉਮੀਦ ਹੈ।