fraud Hosiery owner UP govt: ਲੁਧਿਆਣਾ (ਤਰਸੇਮ ਭਾਰਦਵਾਜ)-ਉੱਤਰ ਪ੍ਰਦੇਸ਼ ਸਰਕਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਲੁਧਿਆਣਾ ਦੇ ਹੌਜਰੀ ਮਾਲਕ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੋਸ਼ੀ ਨੇ ਲੱਖਾਂ ਰੁਪਏ ਐਡਵਾਂਸ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦਿੱਤੇ ਆਰਡਰ ਮੁਤਾਬਕ ਮਾਲ ਨਹੀਂ ਭੇਜਿਆ, ਜਿਸ ਤੋਂ ਬਾਅਦ ਦੋਸ਼ੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਮੁਫਤ ‘ਚ ਦਿੱਤੇ ਜਾਣ ਵਾਲੇ ਸਵੈਟਰ ਬਣਾਉਣ ਦਾ ਆਰਡਰ ਲੈ ਕੇ ਸਮੇਂ ‘ਤੇ ਹੌਜਰੀ ਮਾਲਕ ਨੇ ਨਹੀਂ ਭੇਜੇ, ਜਿਸ ‘ਤੇ ਸ਼ਿਕਾਇਤ ਮਿਲਣ ‘ਤੇ ਇੱਥੋ ਦੇ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਕੈਲਾਸ਼ ਨਗਰ ਰੋਡ ਦੀ ਜਾਇਸਵਾਲ ਕਾਲੋਨੀ ਸਥਿਤ ਸੰਜੈ ਨਿਟ ਫੈਬ ਅਤੇ ਐੱਮ.ਡੀ. ਹੌਜਰੀ ਦੇ ਮਾਲਕ ਇੰਦਰਜੀਤ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਇਹ ਮਾਮਲਾ ਨਵੀਂ ਦਿੱਲੀ (ਵੈਸਟ) ਦੇ ਮੁਲਤਾਨ ਨਗਰ ਦੇ ਹਰੀ ਸਿੰਘ ਪਾਰਕ ਵਾਸੀ ਪ੍ਰੇਮ ਨਰਾਇਣ ਸ਼ੁਕਲਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਮੁਫਤ ਸਵੈਟਰ ਵੰਡਣ ਦੀ ਯੋਜਨਾ ਸੀ। ਉਨ੍ਹਾਂ ਦੀ ਐਸੋਸੀਏਟ ਕੰਪਨੀ ਲੁਧਿਆਣਾ ਦੀ ਵੱਖ-ਵੱਖ ਹੌਜਰੀ ਤੋਂ ਸਵੈਟਰ ਖਰੀਦ ਕੇ ਸਰਕਾਰ ਨੂੰ ਭੇਜਦੀ ਹੈ। ਅਕਤੂਬਰ 2019 ‘ਚ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਲਈ 3.42 ਲੱਖ ਸਵੈਟਰ ਦੀ ਮੰਗ ਸੀ। ਇਸ ਦਾ ਕੰਟ੍ਰੈਕਟ ਦੋਸ਼ੀ ਨੂੰ ਦਿੱਤਾ ਸੀ ਅਤੇ ਇਸ ਦਾ ਐਡਵਾਂਸ ‘ਚ 41.50 ਲੱਖ ਰੁਪਏ ਵੀ ਭੇਜ ਦਿੱਤੇ ਸੀ ਪਰ ਸਵੈਟਰ ਨਹੀਂ ਭੇਜੇ ਗਏ ਸੀ। ਉਨ੍ਹਾਂ ਨੇ ਸਿਰਫ 9000 ਪੀਸ ਹੀ ਦਿੱਤੇ ਗਏ। ਦੋਸ਼ੀ ਨੇ ਪੈਸੇ ਵੀ ਵਾਪਿਸ ਨਹੀਂ ਦਿੱਤੇ। ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।