GADVASU pig breeding training: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾ ਵਾਇਰਸ ਦੇ ਚੱਲਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਵੱਲੋਂ ਕਿਸਾਨਾਂ ਲਈ ਕਈ ਤਰ੍ਹਾਂ ਦੇ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਵੱਲੋਂ ਛੋਟੇ ਤੋ ਲੈ ਕੇ ਵੱਡੇ ਖੇਤੀ ਧੰਦਿਆਂ ਸਬੰਧੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾ ਸਕੇ ਹੈ। ਹੁਣ ਅਜਿਹਾ ਹੀ ਇਕ ਹੋਰ ਉਪਰਾਲੇ ਕੀਤਾ ਹੈ ਜੋ ਕਿ ਕਾਫੀ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੂਰ ਪਾਲਣ ਦੀ ਸਿਖਲਾਈ ਦੀ ਵੱਧਦੀ ਮੰਗ ਨੂੰ ਧਿਆਨ ‘ਚ ਰੱਖਦਿਆ ਹੋਇਆ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਕਿਸਮ ਦੀ ਸੂਰ ਪਾਲਣ ਸਿਖਲਾਈ ਸ਼ੁਰੂ ਕੀਤੀ ਹੈ। ਜਿਸ ਸਬੰਧੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਪ੍ਰਕਾਸ਼ ਸਿੰਘ ਬਰਾੜ ਨੇ ਖੁਲਾਸਾ ਕੀਤਾ ਕਿ ਹੁਣ ਕੋਵਿਡ-19 ਦੇ ਕਾਰਨ ਯੂਨੀਵਰਸਿਟੀ ਨੇ ‘ਆਨਨਾਈਨ ਸਿਖਲਾਈ ਪ੍ਰੋਗਰਾਮ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਡਾ. ਐੱਸ.ਕੇ. ਕਾਂਸਲ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਕਿਹਾ ਕਿ ਵਿਭਾਗ ਕੋਵਿਡ-19 ’ਚ ਵੈਬੀਨਾਰ, ਟੈਲੀ-ਸਲਾਹ-ਮਸ਼ਵਰੇ, ਐਪਸ ਅਤੇ ਪਸ਼ੂ ਪਾਲਣ ਸੰਬੰਧੀ, ਖੇਤੀਬਾੜੀ ਸੰਬੰਧੀ, ਆਨਲਾਈਨ ਗਿਆਨ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਿਖਲਾਈ ਦੇ ਸੰਯੋਜਕ, ਡਾ. ਜਸਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ‘ਚ ਇੱਕ ਐਂਡਰਾਇਡ ਮੋਬਾਈਲ ਅਧਾਰਤ ‘ਪਿਗ ਫਾਰਮਿੰਗ ਐਪ’ ਤਿਆਰ ਕੀਤੀ ਹੋਈ ਹੈ। ਕੋਈ ਵੀ ਚਾਹਵਾਨ ਇਸ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ ਹੈ ਅਤੇ ਗਿਆਨ ਪ੍ਰਾਪਤ ਕਰ ਸਕਦਾ ਹੈ।
ਇਸ ਤੋਂ ਇਲਾਵਾ ਕੋਈ ਵੀ ਯੂਨੀਵਰਸਿਟੀ ਦੇ ਯੂਟਿਊਬ ਚੈਨਲ ”ਗਡਵਾਸੂ ਫਾਰਮਰਜ਼ ਫਰੈਂਡਲੀ ਈ-ਐਕਸਟੈਂਸ਼ਨ” ਤੋਂ ਵੀ ਕਈ ਕਿਸਮ ਦਾ ਜਾਣਕਾਰੀ ਲੈ ਸਕਦਾ ਹੈ। ਇਸ ਸਿਖਲਾਈ ਦੇ ਸਹਿ-ਸੰਯੋਜਕਾਂ, ਡਾ. ਰਵਦੀਪ ਸਿੰਘ ਅਤੇ ਡਾ. ਗੁਰਜੋਤ ਕੌਰ ਮਾਵੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਸਿਖਲਾਈ ਲੈਣ ਵਾਲਿਆਂ ਨੂੰ ਪਹਿਲਾਂ ਇਕ ਕਲਾਸ ਲਗਾ ਕੇ ਆਨਲਾਈਨ ਸਾਧਨਾਂ ਨਾਲ ਜਾਣੂ ਕਰਵਾਇਆ ਤਾਂ ਜੋ ਉਨ੍ਹਾਂ ਨੂੰ ਆਨਲਾਈਨ ਕਲਾਸ ਨੂੰ ਸਮਝਣ ਅਤੇ ਕੰਮ ਕਰਨ ਵਿਚ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਸਿਖਲਾਈ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਮਿਲੇਗਾ।