government vehicles back officers: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਨਗਰ ਨਿਗਮ ‘ਚ ਹੇਠਲੇ ਪੱਧਰ ਦੇ ਅਫਸਰਾਂ ਤੋਂ ਹੁਣ ਸਰਕਾਰੀ ਗੱਡੀਆਂ ਵਾਪਸ ਲਈਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਗੱਡੀਆਂ ਅਲਾਟ ਨਹੀਂ ਕੀਤੀਆਂ ਜਾਣਗੀਆਂ।ਜਾਣਕਾਰੀ ਮੁਤਾਬਕ ਤੱਕ ਨਗਰ ਨਿਗਮ ‘ਚ ਤਾਇਨਾਤ ਐਸ.ਡੀ.ਓਜ਼, ਸੁਪਰਡੈਂਟਾਂ ਤੇ ਸਿਹਤ ਵਿਭਾਗ ਦੇ ਫੀਲਡ ਸਟਾਫ ਦੇ ਮੈਂਬਰਾਂ ਨੂੰ ਅਲਾਟ ਕੀਤੀਆਂ ਕਾਰਾਂ, ਜਿਪਸੀਆਂ ਜੋ 15 ਸਾਲ ਤੋਂ ਪੁਰਾਣੀਆਂ ਹੋ ਚੁੱਕੀਆਂ ਹਨ ਤੇ ਜਿਨ੍ਹਾਂ ਨੂੰ ਕੰਡਮ ਐਲਾਨਿਆਂ ਜਾ ਚੁੱਕਾ ਹੈ, ਇਸ ਮਹੀਨੇ ਦੇ ਅਖੀਰ ਤੱਕ ਪ੍ਰਸ਼ਾਸਨ ਵਲੋਂ ਵਾਪਸ ਲੈ ਕੇ ਨਿਲਾਮ ਕੀਤੇ ਜਾਣ ਦੀ ਯੋਜਨਾ ਉਲੀਕੀ ਗਈ ਹੈ। ਹੁਣ ਇਨ੍ਹਾਂ ਅਫਸਰਾਂ ਨੂੰ ਖੁਦ ਦੇ ਵਾਹਨਾਂ ‘ਤੇ ਦਫਤਰ ਆਉਣਾ ਪਵੇਗਾ। ਅਫਸਰਾਂ ਨੂੰ ਹੁਣ ਸਿਰਫ ਫੀਲਡ ਡਿਊਟੀ ਦੇ ਲਈ ਗੱਡੀਆਂ ਜ਼ੋਨ ਦਫਤਰ ਦੀ ਕਾਮਨ ਗੱਡੀ ਦੀ ਵਰਤੋਂ ਕਰਨੀ ਹੋਵੇਗੀ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਕੋਲ 200 ਤੋਂ ਵੱਧ ਕਾਰਾਂ, ਜਿਪਸੀਆਂ, ਟਿੱਪਰ, ਟਰੈਕਟਰ ਤੇ ਦੂਸਰੀਆਂ ਗੱਡੀਆਂ ਹਨ, ਜਿਨ੍ਹਾਂ ‘ਚ ਕਰੀਬ 50 ਅੰਬੈਸਡਰ ਕਾਰਾਂ, ਜਿਪਸੀਆਂ ਨੂੰ ਐਸ.ਡੀ.ਓ, ਸੁਪਰਡੈਂਟਾਂ ਅਤੇ ਸਟਾਫ ਦੇ ਹੋਰ ਮੈਂਬਰਾਂ ਨੂੰ ਫੀਲਡ ‘ਚ ਜਾਂਚ ਲਈ ਮੁਹੱਈਆ ਕਰਾਈਆਂ ਗਈਆਂ ਹਨ, ਇਹ 15 ਸਾਲ ਤੋਂ ਪੁਰਾਣੀਆਂ ਹਨ ਤੇ ਕੰਡਮ ਐਲਾਨੀਆਂ ਜਾ ਚੁੱਕੀਆਂ ਹਨ। ਇਨ੍ਹਾਂ ਦੀ ਐਵਰੇਜ਼ ਕਾਫੀ ਘੱਟ ਹੋਣ ਕਾਰਨ ਡੀਜ਼ਲ ਦਾ ਖਰਚਾ ਵੀ ਕਾਫੀ ਜ਼ਿਆਦਾ ਹੋ ਰਿਹਾ ਹੈ। ਮਾਹਰਾਂ ਮੁਤਾਬਕ ਕਈ ਕਾਰਾਂ ਅਤੇ ਜਿਪਸੀਆਂ ਦੀ ਐਵਰੇਜ਼ 3 ਤੋਂ 5 ਕਿਲੋਮੀਟਰ ਪ੍ਰਤੀ ਲਿਟਰ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਕੰਡਮ ਵਾਹਨਾਂ ਦੀ ਮੁਰੰਮਤ ‘ਤੇ ਹੋਣ ਵਾਲੇ ਵਾਧੂ ਖਰਚ ਅਤੇ ਡੀਜ਼ਲ ਦੀ ਖਪਤ ਘੱਟ ਕਰਨ ਲਈ ਕੰਡਮ ਵਾਹਨ ਵਾਪਸ ਲੈ ਕੇ ਚਾਰਾਂ ਜ਼ੋਨਾਂ ‘ਚ 2-2 ਸਾਂਝੇ ਵਾਹਨ ਮੁਹੱਈਆ ਕਰਾਏ ਜਾਣ, ਜੋ ਲੋੜ ਪੈਣ ‘ਤੇ ਐਸ.ਡੀ.ਓਜ਼ ਜਾਂ ਸੁਪਰਡੈਂਟ ਜ਼ੋਨਲ ਕਮਿਸ਼ਨਰ ਤੋਂ ਅਲਾਟ ਕਰਵਾ ਕੇ ਲਿਜਾ ਸਕਣਗੇ ਅਤੇ ਫੀਲਡ ‘ਚ ਕੰਮ ਪੂਰਾ ਹੋਣ ‘ਤੇ ਵਾਪਸ ਜ਼ੋਨਲ ਕਮਿਸ਼ਨਰ ਦੇ ਧਿਆਨ ‘ਚ ਲਿਆ ਕੇ ਦਫਤਰ ‘ਚ ਵਾਹਨ ਨੂੰ ਖੜਾ ਕਰਨਾ ਹੋਵੇਗਾ।