HC police complete investigation: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ 2 ਔਰਤਾਂ ਨੂੰ ਮੋਬਾਇਲ ‘ਤੇ ਅਸ਼ਲੀਲ ਮੈਸੇਜ ਭੇਜਣ ਵਾਲਿਆਂ ਖਿਲਾਫ ਜਾਂਚ ‘ਚ ਹੋਈ ਦੇਰੀ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਫਟਕਾਰ ਲਾਈ। ਇਸ ਦੌਰਾਨ ਸਖਤੀ ਵਰਤਦੇ ਹੋਏ ਹਾਈਕੋਰਟ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ 60 ਦਿਨਾਂ ‘ਚ ਮੁਕੰਮਲ ਜਾਂਚ ਪੂਰੀ ਕਰਨ ਦੇ ਆਦੇਸ਼ ਦਿੱਤੇ।
ਜਾਣੋ ਪੂਰਾ ਮਾਮਲਾ: ਦਰਅਸਲ ਇਹ ਮਾਮਲਾ ਪਿਛਲੇ ਸਾਲ 2019 ਦਾ ਹੈ। ਇਸ ਸਬੰਧ ‘ਚ 2 ਔਰਤਾਂ ਨੂੰ ਵੱਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਸਨੈਪਚੈਟ ਵਰਗੀਆਂ ਮੋਬਾਇਲ ਐਪ ‘ਤੇ ਅਸ਼ਲੀਲ ਮੈਸੇਜ ਭੇਜ ਕੇ ਉਨ੍ਹਾਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਵਾਲੇ 2 ਦੋਸ਼ੀਆਂ ਦੀ ਪੇਸ਼ਗੀ ਜ਼ਮਾਨਤ ਪਟੀਸ਼ਨਾਂ ਨੂੰ ਖਾਰਿਜ ਕਰਦੇ ਹੋਏ ਜੱਜ ਅਰੁਣ ਕੁਮਾਰ ਤਿਆਗੀ ਨੇ ਲੁਧਿਆਣਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਪੁਲਿਸ ਜਾਂਚ ‘ਤੇ ਧਿਆਨ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਇਸ ਜਾਂਚ ‘ਤੇ ਪੁਲਿਸ ਤੋਂ ਸਮੇਂ-ਸਮੇਂ ‘ਤੇ ਰਿਪੋਰਟ ਲੈਣ। ਜੇਕਰ ਜਰੂਰਤ ਪਈ ਤਾਂ ਪੁਲਿਸ ਨੂੰ ਜਾਂਚ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਵੀ ਦਿੱਤੇ। ਹਾਈਕੋਰਟ ਨੇ ਇਸ ਮਾਮਲੇ ‘ਚ ਪੁਲਿਸ ਕਾਰਵਾਈ ‘ਚ ਵਰਤੀ ਢਿੱਲ ‘ਤੇ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਪੁਲਿਸ ਨੂੰ ਇਕ ਪੀੜਤ ਮਹਿਲਾ ਨੇ 5 ਸਤੰਬਰ 2019 ਅਤੇ ਦੂਜੀ ਮਹਿਲਾ ਨੇ 25 ਸਤੰਬਰ 2019 ਨੂੰ ਸ਼ਿਕਾਇਤ ਦਿੱਤੀ ਸੀ। ਇਨ੍ਹਾਂ ਦੋਵਾਂ ਸ਼ਿਕਾਇਤਾਂ ‘ਚ ਦੋਸ਼ੀਆਂ ਦੇ ਖਿਲਾਫ ਗੰਭੀਰ ਦੋਸ਼ ਸਾਬਿਤ ਹੋਣ ਦੇ ਬਾਵਜੂਦ ਪੁਲਿਸ ਇਨ੍ਹਾਂ ਮਾਮਲਿਆਂ ‘ਚ ਸ਼ੁਰੂਆਤੀ ਜਾਂਚ ‘ਚ ਢਿੱਲ ਵਰਤੀ ਰਹੀ।
ਜੱਜ ਤਿਆਗੀ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਪੁਲਿਸ ਨੇ ਛੋਟੇ ਟ੍ਰਾਇਲ ਦੇ ਤੌਰ ‘ਤੇ ਸ਼ਿਕਾਇਤਕਰਤਾ, ਦੋਸ਼ੀਆਂ ਅਤੇ ਗਵਾਹਾਂ ਨੂੰ ਆਪਸ ‘ਚ ਮਿਲਾ ਕੇ ਜਾਂਚ ਕੀਤੀ ਅਤੇ 3 ਮਹੀਨੇ ਦੀ ਦੇਰੀ ਦੇ ਬਾਅਦ 26 ਅਤੇ 30 ਦਸੰਬਰ 2019 ਨੂੰ ਦੋਸ਼ੀਆਂ ਦੇ ਖਿਲਾਫ ਐੱਫ.ਆਈ.ਆਰ ਦਰਜ ਕੀਤੀ।ਐੱਫ.ਆਈ.ਆਰ ਦਰਜ ਹੋਣ ਦੇ 6 ਮਹੀਨੇ ਬਾਅਦ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ‘ਤੇ ਨਰਾਜ਼ਗੀ ਜਤਾਉਂਦੇ ਹੋਏ ਜਸਟਿਸ ਤਿਆਗੀ ਨੇ ਹੁਣ 60 ਦਿਨ੍ਹਾਂ ‘ਚ ਜਾਂਚ ਪੂਰੀ ਕਰਨ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਦੋਵਾਂ ਸ਼ਿਕਾਇਤਕਰਤਾਵਾਂ ਨੂੰ ਜੇਕਰ ਜਰੂਰਤ ਹੋਵੇ ਤਾਂ ਉਨ੍ਹਾਂ ਨੂੰ ਜ਼ਿਲ੍ਹਾਂ ਲੀਗਰ ਸਰਵਿਸ ਅਥਾਰਿਟੀ ਤੋਂ ਮੁਫਤ ਕਾਨੂੰਨੀ ਸਹਾਇਤਾ ਉਪਲੱਬਧ ਕਰਵਾਈ ਜਾਵੇ।