health department testing Corona: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕੋਰੋਨਾ ਦਾ ਵੱਧਦੇ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਲਗਾਤਾਰ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਹੁਣ ਸਿਹਤ ਵਿਭਾਗ ਵੱਲੋਂ ਟੈਸਟਿੰਗ ਰਫਤਾਰ ਅਚਾਨਕ ਵਧਾ ਦਿੱਤੀ ਗਈ ਹੈ। ਹੁਣ ਤੱਕ ਜ਼ਿਲ੍ਹੇ ‘ਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਸ਼ਹਿਰ ‘ਚ ਕੋਵਿਡ ਟੈਸਟਿੰਗ ਨੂੰ ਤੇਜ਼ ਕਰਨ ਲਈ ਨਗਰ ਨਿਗਮ ਹੁਣ ਇਕ ਮੋਬਾਇਲ ਵੈਨ ਤਿਆਰ ਕਰ ਰਿਹਾ ਹੈ। ਮੇਅਰ ਬਲਕਾਰ ਸਿੰਘ ਸੰਧੂ ਨੇ ਨਿਗਮ ਅਫਸਰਾਂ ਨੂੰ ਆਦੇਸ਼ ਦਿੱਤੇ ਹਨ ਕਿ ਸਿਟੀ ਬੱਸ ਨੂੰ ਫਿਲਹਾਲ ਕੋਵਿਡ ਮੋਬਾਇਲ ਲੈਬ ਦੇ ਤੌਰ ‘ਤੇ ਤਿਆਰ ਕੀਤਾ ਜਾਵੇ ਤਾਂ ਕਿ ਸ਼ਹਿਰ ‘ਚ ਕੋਰੋਨਾ ਟੈਸਟਿੰਗ ਵਧਾਈ ਜਾਵੇ। ਇਹ ਵੀ ਦੱਸਿਆ ਜਾਂਦਾ ਹੈ ਕਿ ਅਫਸਰਾਂ ਨੇ ਇਕ ਸਿਟੀ ਬੱਸ ਨੂੰ ਕੋਵਿਡ ਟੈਸਟਿੰਗ ਲੈਬ ਦੇ ਤੌਰ ‘ਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਅਰ ਬਲਕਾਰ ਸਿੰਘ ਸੰਧੂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਕ-ਦੋ ਦਿਨ੍ਹਾਂ ‘ਚ ਇਹ ਵੈਨ ਵੀ ਤਿਆਰ ਹੋ ਜਾਵੇਗੀ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ 15 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 360 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਸੂਬੇ ‘ਚ 1,00,809 ਲੋਕਾਂ ਦੇ ਸੈਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 8508 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਦਕਿ 303 ਮੌਤਾਂ ਹੋਈਆਂ ਹਨ। ਜ਼ਿਲ੍ਹੇ ‘ਚ 2258 ਮਾਮਲੇ ਸਰਗਰਮ ਹਨ। ਲੁਧਿਆਣਾ ‘ਚ ਮੌਜੂਦਾ ਸਮੇਂ 5 ਕੰਟੇਨਮੈਂਟ ਜ਼ੋਨ ਅਤੇ 37 ਮਾਈਕ੍ਰੋ ਕੰਟੇਨਮੈਂਟ ਜ਼ੋਨ ਹਨ।
ਜ਼ਿਕਰਯੋਗ ਹੈ ਕਿ ਮਹਾਨਗਰ ‘ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਦੁਆਰਾ ਜਾਰੀ ਆਦੇਸ਼ਾਂ ਤਹਿਤ ਨਾਈਟ ਕਰਫਿਊ ਅਤੇ ਹਫਤਾਵਾਰੀ ਕਰਫਿਊ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ, ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ ਅਤੇ ਇਸ ਮਹਾਮਾਰੀ ਦਾ ਖਾਤਮਾ ਕੀਤਾ ਜਾ ਸਕੇ।