high tricolor hoisted jagraon bridge: ਲੁਧਿਆਣਾ (ਤਰਸੇਮ ਭਾਰਦਵਾਜ)-ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਸੱਭਰਵਾਲ ਦੀ ਅਗਵਾਈ ‘ਚ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਸਵੱਛ ਸਰਵੇਖਣ 2021 ਦੇ ਸਬੰਧ ‘ਚ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਦੌਰਾਨ 24 ਕਰੋੜ ਦੀ ਲਾਗਤ ਨਾਲ 4 ਸਾਲਾਂ ‘ਚ ਤਿਆਰ ਹੋਏ ਜਗਰਾਓ ਪੁਲ ਨੂੰ ਆਕਰਸ਼ਿਤ ਬਣਾਉਣ ਲਈ ਇੱਥੇ 100 ਫੁੱਟ ਦਾ ਤਿਰੰਗਾ ਲਹਿਰਾਇਆ ਜਾਵੇਗਾ। ਇਸ ਦੇ ਨਾਲ ਹੀ ਜਗਰਾਓ ਪੁਲ ਨੂੰ ਰੰਗਦਾਰ ਲਾਈਟਿੰਗ ਲਾ ਕੇ ਸਜਾਇਆ ਜਾਵੇਗਾ ਤਾਂ ਕਿ ਪੁਲ ਆਕਰਸ਼ਿਤ ਨਜ਼ਰ ਆਵੇ। ਇਹੀ ਨਹੀਂ ਜਗਰਾਓ ਪੁਲ ‘ਤੇ ਬਣੀਆਂ ਸ਼ਹੀਦਾਂ ਦੀਆਂ ਮੂਰਤੀਆਂ ਦੇ ਹੇਠਾਂ ਬਣੇ ਪਾਰਕ ਨੂੰ ਵੀ ਸੁੰਦਰ ਅਤੇ ਕਲਰਫੁਲ ਲਾਈਟਿੰਗ ਨਾਲ ਸਜਾਇਆ ਜਾਵੇਗਾ। ਸ਼ਹਿਰ ‘ਚ ਸ਼ਹੀਦਾਂ ਦੀ ਬਣੀ ਮੂਰਤੀਆਂ ਨੂੰ ਵੀ ਲਾਈਟਿੰਗ ਨਾਲ ਸਜਾਇਆ ਜਾਵੇਗਾ।
ਇਹ ਫੈਸਲਾ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੀ ਅਗਵਾਈ ‘ਚ ਸਿਟੀ ਲੇਬਲ ਸਬ ਟੈਕਨੀਕਲ ਕਮੇਟੀ ਦੀ ਮੀਟਿੰਗ ‘ਚ ਲਿਆ ਗਿਆ ਹੈ ਅਤੇ ਸਾਰੇ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲੀ ਹੈ। ਇਸ ਦੇ ਨਾਲ ਹੀ ਸ਼ਹੀਦਾਂ ਦੀ ਮੂਰਤੀ ਅਤੇ ਉਨ੍ਹਾਂ ਦੇ ਹੇਠਾਂ ਬਣੇ ਪਾਰਕ ਨੂੰ ਵੀ ਸੁੰਦਰ ਬਣਾਇਆ ਜਾਵੇਗਾ। ਮਲਬੇ ਨੂੰ ਸੰਭਾਲਣ ਵਾਲੇ ਪਲਾਂਟ ਨੂੰ ਵੀ ਅਪਗ੍ਰੇਡ ਕਰਨ ਦੀ ਮਨਜ਼ੂਰੀ ਮਿਲੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਜ਼ੋਨ ਡੀ ਦਫਤਰ ਦੀ ਇਮਾਰਤ ਤੋਂ ਇਲਾਵਾਂ ਸਿੱਧਵਾ ਨਹਿਰ ਦੇ ਕੰਢੇ ‘ਤੇ ਬਣੇ ਪੁਲ ‘ਤੇ ਵੀ ਲਾਈਟਿੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਫਾਇਰ ਬ੍ਰਿਗੇਡ, ਟਰੱਕ, ਮਸ਼ੀਨਰੀ ਅਤੇ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਦੇ ਪ੍ਰਸਤਾਵ ਮਨਜ਼ੂਰ ਕੀਤੇ ਗਏ ਹਨ।
ਜਗਰਾਓ ਪੁਲ ‘ਤੇ ਟ੍ਰੈਫਿਕ ਪੁਲਿਸ ਨੇ ਜਾਮ ਤੋਂ ਨਿਜਾਤ ਦਿਵਾਉਣ ਲਈ ਨਵੀਂ ਟ੍ਰੈਫਿਕ ਲਾਈਟਾਂ ਲਾਈਆਂ ਗਈਆਂ ਹਨ। ਇਸ ਦੇ ਚੱਲਦਿਆਂ ਹੁਣ ਲੋਕਾਂ ਨੂੰ ਪੁਲ ‘ਤੇ ਜਾਮ ‘ਚ ਫਸਣਾ ਨਹੀਂ ਪਵੇਗਾ। ਵੀਰਵਾਰ ਨੂੰ ਡੀ.ਸੀ.ਪੀ ਟ੍ਰੈਫਿਕ ਸੁਖਪਾਲ ਸਿੰਘ ਬਰਾੜ ਅਤੇ ਏ.ਸੀ.ਪੀ ਗੁਰਦੇਵ ਸਿੰਘ ਨੇ ਇਸ ਦਾ ਟਾਇਲ ਵੀ ਲਿਆ। ਹੁਣ ਐਲੀਵੇਟਿਡ ਰੋਡ ਵਾਲੇ ਪਾਸਿਓ ਆਉਣ ਵਾਲੇ ਲੋਕਾਂ ਨੂੰ ਵੀ ਪੁਲ ਦੇ ਹੇਠਾਂ ਤੋਂ ਦਾਖਲ ਨਹੀਂ ਹੋਣਾ ਪਵੇਗਾ। ਉਹ ਸਿੱਧਾ ਭਾਰਤ ਨਗਰ ਚੌਕ ਵਾਲੇ ਪਾਸੇ ਮੁੜ ਸਕਣਗੇ।