Horrific incident man pond: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਥਾਣਾ ਪਾਇਲ ਦੇ ਪਿਛਲੇ ਪਾਸੇ ਪੈਂਦੇ ਡੂੰਘੇ ਟੋਭੇ ‘ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਪੁਲਿਸ ਮੁਲਾਜ਼ਮ ਬਚਾਉਣ ‘ਚ ਕਾਮਯਾਬ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਪਾਇਲ ਦੇ ਪਿਛਲੇ ਪਾਸੇ ਸਥਿਤ ਟੋਭੇ ‘ਚੋਂ ਆਪਣੀਆਂ ਮੱਝਾਂ ਨੂੰ ਬਾਹਰ ਕੱਢਣ ਲਈ ਗੁੱਜਰ ਬਰਾਦਰੀ ਦਾ ਇੱਕ ਵਿਅਕਤੀ ਫਤਿਹ ਮੁਹੰਮਦ (42 ਸਾਲਾ) ਟੋਭੇ ‘ਚ ਵੜ੍ਹ ਗਿਆ ਤਾਂ ਟੋਭਾ ਕਾਫੀ ਡੂੰਘਾ ਹੋਣ ਕਾਰਨ ਫਤਿਹ ਮੁਹੰਮਦ ਪਾਣੀ ‘ਚ ਡੁੱਬਣ ਲੱਗਾ ਤਾਂ ਆਪਣੇ ਚਾਚੇ ਨੂੰ ਬਚਾਉਣ ਲਈ ਪਿੱਛੇ ਹੀ ਭਤੀਜੇ ਸੁਲੇਮਾਨ ਨੇ ਟੋਭੇ ‘ਚ ਛਾਲ ਮਾਰ ਦਿੱਤੀ। ਉਸੇ ਵਕਤ ਰੌਲਾ ਪੈ ਗਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਮੌਕੇ ‘ਤੇ ਐੱਸ.ਐੱਚ.ਓ ਜਸਪਾਲ ਸਿੰਘ ਧਾਲੀਵਾਲ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪੁੱਜ ਗਏ। ਉਸੇ ਵਕਤ ਥਾਣਾ ਮੁਖੀ ਦੇ ਡਰਾਈਵਰ ਮੁਲਾਜ਼ਮ ਗੁਰਪ੍ਰਰੀਤ ਸਿੰਘ ਜਰਗੜ੍ਹੀ ਨੇ ਹਵਾ ਨਾਲ ਭਰੀ ਟਿਊਬ ਤੇ ਰੱਸੇ ਰਾਹੀਂ ਦੋਵਾਂ ਵਿਅਕਤੀਆਂ ਨੂੰ ਬਚਾਉਣ ਲਈ ਬੜੀ ਜੱਦੋ ਜਹਿਦ ਕੀਤੀ ਤਾਂ ਦੋਨਾਂ ਵਿਅਕਤੀਆਂ ਨੂੰ ਟੋਭੇ ‘ਚੋਂ ਬਾਹਰ ਕੱਢਿਆ ਗਿਆ, ਤਾਂ ਉਸੇ ਵਕਤ ਗੰਭੀਰ ਵਿਅਕਤੀ ਸੁਲੇਮਾਨ ਨੂੰ ਸਿਵਲ ਹਸਪਤਾਲ ਪਾਇਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਜਦਕਿ ਦੂਜੇ ਵਿਅਕਤੀ ਦੀ ਜਾਨ ਬਚ ਗਈ।
ਇਸ ਮਾਮਲੇ ਸਬੰਧੀ ਥਾਣੇਦਾਰ ਮੁਖਤਿਆਰ ਸਿੰਘ ਮੰਡੇਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਐੱਸ.ਡੀ.ਐੱਮ ਪਾਇਲ ਮਨਕੰਵਲ ਸਿੰਘ ਚਾਹਲ ਕੋਲੋ ਮਿ੍ਤਕ ਸੁਲੇਮਾਨ ਦਾ ਪੋਸਟ ਮਾਰਟਮ ਨਾ ਕਰਵਾਉਣ ਲਈ ਦਰਖਾਸਤ ਦੇ ਕੇ ਲਾਸ਼ ਪ੍ਰਰਾਪਤ ਕਰ ਲਈ ਹੈ, ਜਿਸ ਕਰਕੇ 174 ਦੀ ਕਾਰਵਾਈ ਅਮਲ ‘ਚ ਨਹੀ ਲਿਆਂਦੀ ਗਈ। ਇਹ ਵੀ ਦੱਸਣਯੋਗ ਹੈ ਕਿ ਟੋਭੇ ‘ਚ ਡੁੱਬਦੇ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਬਜਾਏ ਲੋਕਾਂ ਵਲੋਂ ਵੀਡੀਓ ਬਣਾਉਣ ‘ਤੇ ਜ਼ੋਰ ਦਿੱਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।