indoor swimming pool mayor: ਲੁਧਿਆਣਾ (ਤਰਸੇਮ ਭਾਰਦਵਾਜ)-ਸਮਾਰਟ ਸਿਟੀ ਦੇ ਤਹਿਤ ਸ਼ਹਿਰ ‘ਚ ਰੱਖਬਾਗ ਸਥਿਤ ਸਵੀਮਿੰਗ ਪੂਲ ਨੂੰ ਤਾਲ ਕਟੋਰਾ ਸਟੇਡੀਅਮ ਦੀ ਤਰਜ ‘ਤੇ ਇਨਡੋਰ ਸਵੀਮਿੰਗ ਪੂਲ ‘ਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਨਾਨਕ ਸਟੇਡੀਅਮ ‘ਚ ਬਾਸਕਟਬਾਲ ਦੇ 2 ਇਨਡੋਰ ਕੋਰਟ ਵੀ ਤਿਆਰ ਕੀਤੇ ਜਾਣਗੇ। ਇਸ ਸਬੰਧ ‘ਚ ਡੀ.ਪੀ.ਆਰ ਪਹਿਲਾਂ ਹੀ ਤਿਆਰ ਹੋ ਚੁੱਕੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਨਗਰ ਨਿਗਮ ਜ਼ੋਨ ਡੀ ਆਫਿਸ ‘ਚ ਮੀਟਿੰਗ ਦੌਰਾਨ ਸ਼ਹਿਰ ‘ਚ ਮੌਜੂਦਾ ਖੇਲ ਸਹੂਲਤਾਂ ਦੇ ਨਵੀਕਰਨ ਨਾਲ ਸਬੰਧਿਤ ਕੰਮ ਦੀ ਪ੍ਰਗਤੀ ਦਾ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ
ਮੀਟਿੰਗ ਦੌਰਾਨ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਇਸ ਮੀਟਿੰਗ ‘ਚ ਸ਼ਿਰਕਤ ਕੀਤੀ। ਮੀਟਿੰਗ ‘ਚ ਸਾਬਕਾ ਮੇਅਰ ਅਪਿੰਦਰ ਸਿੰਘ ਗਰੇਵਾਲ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਵੱਖ-ਵੱਖ ਖੇਡ ਸੰਸਥਾਵਾਂ ਦੇ ਅਹੁਦੇਦਾਰ ਅਤੇ ਸ਼ਹਿਰ ਦੇ ਪ੍ਰਮੁੱਖ ਅਥਲੀਟ/ਖਿਡਾਰੀ ਵੀ ਮੌਜੂਦ ਸੀ। ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਬਹੁਤ ਜਲਦ ਹੀ, ਲੁਧਿਆਣਾ ਬਾਸਕਿਟਬਾਲ ਅਕੈਡਮੀ ਵਿਖੇ 2 ਓਪਨ ਬਾਸਕਿਟਬਾਲ ਕੋਰਟ ਇੰਡੋਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਡੀ.ਪੀ.ਆਰ. ਪਹਿਲਾਂ ਹੀ ਤਿਆਰ ਹੋ ਚੁੱਕੀ ਹੈ ਤੇ ਜਲਦੀ ਕੰਮ ਸ਼ੁਰੂ ਕਰਾਇਆ ਜਾਵੇਗਾ।
ਸ਼੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਹਿਲਾਂ ਹੀ ਸ਼ਹਿਰ ਦੀਆਂ ਸਾਰੀਆਂ ਮੌਜੂਦਾ ਖੇਡ ਸਹੂਲਤਾਂ ਨੂੰ ਅੱਪਗ੍ਰੇਡ ਕਰਨ ਦਾ ਫ਼ੈਸਲਾ ਲਿਆ ਸੀ ਤੇ ਇਨ੍ਹਾਂ ਪ੍ਰਾਜੈਕਟਾਂ ‘ਚ ਗੁਰੂ ਨਾਨਕ ਸਟੇਡੀਅਮ ਵਿਖੇ ਨਵਾਂ ਐਥਲੈਟਿਕਸ ਸਿੰਥੈਟਿਕ ਟਰੈਕ, ਇਨਡੋਰ ਸਵੀਮਿੰਗ ਪੂਲ, ਬੈਡਮਿੰਟਨ ਸ਼ਾਸਤਰੀ ਹਾਲ ਦਾ ਨਵੀਨੀਕਰਨ, ਨਵੀਂ ਟੇਬਲ ਟੈਨਿਸ ਕੋਰਟ ਦਾ ਨਿਰਮਾਣ, ਐਸਟ੍ਰੋਟਰਫ ਦੀ ਨਵੀਨੀਕਰਨ ਅਤੇ ਪੀ.ਏ.ਯੂ. ਵਿਖੇ ਇਕ ਵੇਲਡਰੋਮ (ਸਾਈਕਲਿੰਗ ਟਰੈਕ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ ਜੈਨਪੁਰ ਪਿੰਡ ‘ਚ 32 ਏਕੜ ਰਕਬੇ ‘ਚ ਇਕ ਸਪੋਰਟਸ ਪਾਰਕ ਵੀ ਉਸਾਰੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿੱਟੀ ਪਰਖਣ ਦੀ ਰਿਪੋਰਟ ਤੋਂ ਬਾਅਦ, ਜੈਨਪੁਰ ਸਪੋਰਟਸ ਪਾਰਕ ਦੀ ਜਗ੍ਹਾ ‘ਤੇ ਟੌਪੋਗ੍ਰਾਫਿਕ ਸਰਵੇਖਣ ‘ਤੇ ਜ਼ਮੀਨ ਦੀ ਹੱਦਬੰਦੀ ਦਾ ਕੰਮ ਜਾਰੀ ਹੈ ਤੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ।