inspector attacked cross case registered: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਵਾਪਰੇ ਲੜਾਈ-ਝਗੜੇ ਨੂੰ ਲੈ ਕੇ 2 ਧਿਰਾਂ ‘ਤੇ ਕਰਾਸ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ 4 ਅਗਸਤ ਨੂੰ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇੰਸਪੈਕਟਰ ਬਿੱਟਨ ਕੁਮਾਰ ਦਾ ਵਿਰੋਧੀ ਧਿਰ ਦੇ ਉਕਾਂਰ ਸਿੰਘ ਨਾਂ ਦੇ ਨੌਜਵਾਨ ਨਾਲ ਵਿਵਾਦ ਹੋ ਗਿਆ ਸੀ। ਇਸ ਦੌਰਾਨ ਹੋਈ ਕੁੱਟਮਾਰ ਕਾਰਨ ਇੰਸਪੈਕਟਰ ਬਿੱਟਨ ਕੁਮਾਰ ਅਤੇ ਉਂਕਾਰ ਸਿੰਘ ਨਾਂ ਦੇ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸੀ, ਜਿਸ ਤੋਂ ਬਾਅਦ ਇੰਸਪੈਕਟਰ ਵੱਲੋਂ ਵਿਰੋਧੀ ਧਿਰ ‘ਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਹੁਣ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਵਲੋਂ ਲੜਾਈ ਝਗੜੇ ਦੇ ਇਸ ਮਾਮਲੇ ‘ਚ ਇੰਸਪੈਕਟਰ ਬਿੱਟਨ ,ਉਸ ਦੇ ਭਰਾ ਅਤੇ ਹੋਰਨਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਨੌਜਵਾਨ ਆਸ਼ਾ ਰਾਣੀ ਵਾਸੀ ਚੰਦਰਨਗਰ ਦੇ ਸ਼ਿਕਾਇਤ ਦੇ ਆਧਾਰ ‘ਤੇ ਇੰਸਪੈਕਟਰ ਬਿਟਨ ਕੁਮਾਰ, ਸਾਜਨ ਕੁਮਾਰ ਸਮੇਤ ਕਈ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਸ਼ਿਕਾਇਤਕਰਤਾ ਆਸ਼ਾ ਰਾਣੀ ਨੇ ਦੱਸਿਆ ਕਿ 4 ਅਗਸਤ ਨੂੰ ਰਾਤ ਸਮੇਂ ਉਸ ਦਾ ਲੜਕਾ ਉਂਕਾਰ ਉਰਫ ਬੱਬੂ ਅਤੇ ਕੁਲਦੀਪ ਸਿੰਘ ਦੀਪੂ ਜੇ.ਸੀ.ਬੀ ਮਸ਼ੀਨ ਅਤੇ ਟਰੈਕਟਰ ਤੇ ਟਰਾਲੀ ਨਾਲ ਛਾਉਣੀ ਮੁਹੱਲਾ ਸਥਿਤ ਇਕ ਪਲਾਟ ‘ਚ ਮਲਬਾ ਚੁੱਕਣ ਲਈ ਗਏ ਸੀ। ਇਸ ਪਲਾਟ ‘ਚ ਉਸਾਰੀ ਦਾ ਠੇਕਾ ਹਰਪਾਲ ਸਿੰਘ ਨੇ ਲਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ ਉਸਦਾ ਲੜਕਾ ਉਂਕਾਰ ਸਿੰਘ ਮਲਬਾ ਚੁੱਕਵਾ ਰਿਹਾ ਸੀ ਕਿ ਉੱਥੇ ਇੰਸਪੈਕਟਰ ਬਿੱਟਨ ਕੁਮਾਰ ਆਪਣੇ ਕੁੱਝ ਸਾਥੀਆਂ ਨਾਲ ਆ ਗਿਆ ਤੇ ਉਨ੍ਹਾਂ ਨੂੰ ਕੰਮ ਰੋਕਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਥੇ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ। ਲੜਾਈ ‘ਚ ਉਂਕਾਰ ਸਿੰਘ ਤੇ ਬਿੱਟਨ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ। ਪੀੜ੍ਹਤ ਉਂਕਾਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਇੰਸਪੈਕਟਰ ਬਿੱਟਨ ਕੁਮਾਰ ਦੇ ਬਿਆਨਾਂ ‘ਤੇ ਉਸਦੇ ਲੜਕੇ ਤੇ ਹੋਰਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ, ਪਰ ਲੜਾਈ ‘ਚ ਉਸ ਦੇ ਲੜਕੇ ਉਂਕਾਰ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ ਸਨ, ਪਰ ਪੁਲਿਸ ਵਲੋਂ ਉਸ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਜਦੋਂ ਸਥਾਨਕ ਪੁਲਿਸ ਪਾਸੋਂ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਆਸ਼ਾ ਰਾਣੀ ਨੇ ਇਸ ਸਬੰਧੀ ਮਾਣਯੋਗ ਹਾਈਕੋਰਟ ‘ਚ ਰਿੱਟ ਦਾਇਰ ਕਰ ਦਿੱਤੀ, ਜਿਸ ‘ਤੇ ਹਾਈ ਕੋਰਟ ਵਲੋਂ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਪੁਲਿਸ ਵਲੋਂ ਹੁਣ ਹਾਲ ਦੀ ਘੜੀ ਇਸ ਮਾਮਲੇ ‘ਚ ਬਿੱਟਨ ਕੁਮਾਰ ਤੇ ਉਸਦੇ ਸਾਥੀਆਂ ਖ਼ਿਲਾਫ਼ ਡੀ.ਡੀ.ਆਰ. ਦਰਜ ਕੀਤੀ ਗਈ ਹੈ, ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਹਾਲਾਂਕਿ ਇਸ ਮਾਮਲੇ ਵਿਚ ਪੀੜ੍ਹਤ ਉਂਕਾਰ ਸਿੰਘ ਨੇ ਆਪਣੀ ਡਾਕਟਰੀ ਜਾਂਚ ਦਾ ਹਵਾਲਾ ਵੀ ਦਿੱਤਾ ਹੈ | ਲੜਾਈ ਵਿਚ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਸੀ ਤੇ ਹੋਰ ਸੱਟਾਂ ਵੀ ਲੱਗੀਆਂ ਸਨ | ਪੀੜ੍ਹਤ ਨੌਜਵਾਨ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਬਿੱਟਨ ਕੁਮਾਰ ਤੇ ਉਸਦੇ ਸਾਥੀਆਂ ਖ਼ਿਲਾਫ਼ ਬਕਾਇਦਾ ਕੇਸ ਦਰਜ ਕਰਨ ਲਈ ਦਰਖਾਸਤ ਵੀ ਦਿੱਤੀ ਸੀ।