Jagraon Bridge notice investigation: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁੱਲ ਰਿਟੇਨਿੰਗ ਵਾਲ ਬਣਾਉਣ ਦੇ ਮਾਮਲੇ ‘ਚ 2 ਵਾਰ ਓਵਰ ਐਸਟੀਮੇਟ ਬਣਾਉਣ ਦਾ ਖੁਲਾਸਾ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਦੀ ਜਾਂਚ ‘ਚ ਹੋ ਚੁੱਕਾ ਹੈ। ਬਕਾਇਦਾ ਇਸ ਸਬੰਧੀ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਮੌਜੂਦਾ ਅਤੇ ਮੌਜੂਦਾ ਐੱਸ.ਈ ਬੀ.ਐਂਡ.ਆਰ, ਐੱਸ.ਡੀ.ਓ ਅਤੇ ਜੇ.ਈ ਨੂੰ ਸ਼ੋਕਾਜ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਸੀ।
ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਜਿਸਨੂੰ ਸ਼ੋਕਾਜ ਨੋਟਿਸ ਜਾਰੀ ਹੋਇਆ ਹੈ, ਉਨ੍ਹਾਂ ਵੱਲੋਂ ਭੇਜੇ ਜਵਾਬ ‘ਚ ਐਡੀਸ਼ਨਲ ਕਮਿਸ਼ਨਰ ਵੱਲੋਂ ਐੱਸ.ਡੀ.ਓ ਪੱਧਰ ਦੇ ਇੰਜੀਨੀਅਰਾਂ ਤੋਂ ਕਰਵਾਈ ਗਈ ਜਾਂਚ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਕ ਐੱਸ.ਈ ਨੇ ਤਾਂ ਇਹ ਜਵਾਬ ਦਿੱਤਾ ਹੈ ਕਿ ਐੱਸ.ਡੀ.ਓ ਪੱਧਰ ਦੇ ਬਜਾਏ ਜਗਰਾਓ ਪੁਲ ਦੀ ਜਾਂਚ ਉਸ ਦੇ ਰੈਂਕ ਜਾਂ ਉਸ ਦੇ ਅਹੁਦੇ ਤੋਂ ਵੱਡੇ ਅਧਿਕਾਰੀ ਤੋਂ ਕਰਵਾਈ ਜਾਵੇ। ਉਹ ਐੱਸ.ਡੀ.ਓ ਦੀ ਜਾਂਚ ਰਿਪੋਰਟ ਨੂੰ ਸਹੀ ਨਹੀਂ ਮੰਨਦੇ ਹਨ। ਇਸ ਦੇ ਨਾਲ ਹੁਣ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਸ਼ੋਕਾਜ ਨੋਟਿਸ ਮੁਤਾਬਕ ਆਏ ਜਵਾਬ ਦੇ ਤਹਿਤ ਇਕ ਵਾਰ ਫਿਰ ਤੋਂ ਜਗਰਾਓ ਪੁਲ ਦੀ ਜਾਂਚ ਵੱਡੇ ਅਧਿਕਾਰੀ ਤੋਂ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਲੋਕਲ ਬਾਡੀਜ਼ ਵਿਭਾਗ ਨੂੰ ਸ਼ੱਕ ਹੋਇਆ ਤਾਂ ਇਸ ਦੀ ਜਾਂਚ ਕਰਵਾਉਣ ਦੇ ਆਦੇਸ਼ ਨਿਗਮ ਕਮਿਸ਼ਨਰ ਦੇ ਕੋਲ ਪਹੁੰਚੇ। ਨਿਗਮ ਕਮਿਸ਼ਨਰ ਨੇ ਐਡੀਸ਼ਨਲ ਕਮਿਸ਼ਨਰ ਨੂੰ ਜਾਂਚ ਰਿਪੋਰਟ ਪੇਸ਼ ਕਰਨ ਨੂੰ ਕਿਹਾ। ਐਡੀਸ਼ਨਲ ਕਮਿਸ਼ਨਰ ਨੇ ਪੁਲ ਦੇ ਕੰਮ ਦੇ ਜਾਂਚ ਲਈ ਸਪੈਸ਼ਲ ਟੀਮ ਦਾ ਗਠਨ ਕਰਦੇ ਹੋਏ ਜਾਂਚ ਕਰਵਾਈ ਅਤੇ ਸਾਹਮਣੇ ਆਇਆ ਹੈ ਕਿ 50 ਲੱਖ ਰੁਪਏ ਤੱਕ ਓਵਰ ਐਸਟੀਮੇਟ ਬਣਾਇਆ ਗਿਆ ਹਾਲਾਂਕਿ ਨਿਗਮ ਅਧਿਕਾਰੀਆਂ ਨੂੰ ਸ਼ੋਕਾਜ ਨੋਟਿਸ ਜਾਰੀ ਹੋਏ ਹਨ ਪਰ ਹੁਣ ਇਸ ਮਾਮਲੇ ਨੂੰ ਲਟਕਾਉਣ ਲਈ ਪਹਿਲੀ ਜਾਂਚ ਦੇ ਬਜਾਏ ਦੋਬਾਰਾ ਜਾਂਚ ਕਰਵਾਉਣ ਦੀ ਆੜ ‘ਚ ਬਚਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।