judge hc police call: ਲੁਧਿਆਣਾ (ਤਰਸੇਮ)- ਸ਼ਹਿਰ ‘ਚ ਪੁਲਿਸ ਅਜਿਹੇ ਸਖਸ਼ ਨੂੰ ਕਾਬੂ ਕੀਤਾ ਹੈ ਜਿਸ ਨੇ ਹਾਈਕੋਰਟ ਦਾ ਨਕਲੀ ਜੱਜ ਬਣ ਕੇ ਫੋਨ ਕੀਤਾ ਅਤੇ ਆਪਣੇ ਲਈ ਸੁਰੱਖਿਆ ਮੁਹੱਈਆ ਕਰਵਾਉਣ ਦੀ ਗੱਲ ਕੀਤੀ , ਜਦੋਂ ਮੌਕੇ ‘ਤੇ ਪਹੁੰਚ ਸਖਸ਼ ਨਾਲ ਪੁਲਿਸ ਅਧਿਕਾਰੀਆਂ ਨੇ ਗੱਲ ਕੀਤੀ ਤਾਂ ਸ਼ੱਕ ਦੇ ਆਧਾਰ ‘ਤੇ ਉਸਨੂੰ ਕਾਬੂ ਕਰ ਲਿਆ। ਦੱਸ ਦੇਈਏ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਵਿਕਾਸ ਜੈਨ ਨਿਵਾਸੀ ਚੰਡੀਗੜ੍ਹ ਵਜੋਂ ਕੀਤੀ ਗਈ।
ਪੁਲਿਸ ਮੁਤਾਬਕ ਬੀਤੀ ਰਾਤ ਉਕਤ ਦੋਸ਼ੀ ਨੇ ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਨੂੰ ਫ਼ੋਨ ‘ਤੇ ਦੱਸਿਆ ਕਿ ਉਹ ਅੱਜ ਲੁਧਿਆਣਾ ਕਿਸੇ ਖਾਸ ਕੰਮ ਲਈ ਆ ਰਿਹਾ ਹੈ ਅਤੇ ਉਸ ਨੂੰ ਪੁਲਿਸ ਪਾਇਲਟ ਜੀਪ ਅਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਸ ਨੇ ਦੱਸਿਆ ਕਿ ਉਸ ਨਾਲ ਸੁਪਰੀਮ ਕੋਰਟ ਦੇ ਦੋ ਜੱਜ ਵੀ ਇਸ ਸਮੇਂ ਮੌਜੂਦ ਹੋਣਗੇ। ਪਹਿਲਾਂ ਤਾਂ ਉੱਚ ਅਧਿਕਾਰੀ ਨੂੰ ਇਸ ਸਬੰਧੀ ਉਕਤ ਕਥਿਤ ਦੋਸ਼ੀ ਦੀ ਗੱਲਬਾਤ ਤੋਂ ਸ਼ੱਕ ਹੋਇਆ ਪਰ ਫਿਰ ਵੀ ਅਧਿਕਾਰੀਆਂ ਵਲੋਂ ਥਾਣਾ ਡਿਵੀਜ਼ਨ ਨੰਬਰ 6 ਦੇ ਐਸ.ਐੱਚ.ਓ. ਅਮਨਦੀਪ ਸਿੰਘ ਬਰਾੜ ਦੀ ਡਿਊਟੀ ਲਗਾਈ। ਅਮਨਦੀਪ ਸਿੰਘ ਬਰਾੜ ਉਕਤ ਕਥਿਤ ਦੋਸ਼ੀ ਵਲੋਂ ਦੱਸੇ ਗਏ ਸਮੇਂ ‘ਤੇ ਸਮਰਾਲਾ ਚੌਕ ਪਹੁੰਚ ਗਏ, ਜਿੱਥੇ ਕਿ ਪੁਲਿਸ ਅਧਿਕਾਰੀ ਵਲੋਂ ਵਿਕਾਸ ਜੈਨ ਨੂੰ ਸ਼ਨਾਖ਼ਤੀ ਕਾਰਡ ਦਿਖਾਉਣ ਲਈ ਕਿਹਾ, ਜਿਸ ‘ਤੇ ਕਥਿਤ ਦੋਸ਼ੀ ਭੜਕ ਪਿਆ। ਇੰਸ: ਅਮਨਦੀਪ ਸਿੰਘ ਬਰਾੜ ਵਲੋਂ ਇਹ ਸਾਰਾ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਤਾਂ ਉਨ੍ਹਾਂ ਨੇ ਚੰਡੀਗੜ੍ਹ ਤੋਂ ਇਸ ਬਾਰੇ ਤਸਦੀਕ ਕੀਤੀ ਤਾਂ ਪਤਾ ਲੱਗਿਆ ਕਿ ਵਿਕਾਸ ਜੈਨ ਨਾਂ ਦਾ ਕੋਈ ਵੀ ਜੱਜ ਨਹੀਂ ਹੈ, ਜਿਸ ‘ਤੇ ਪੁਲਿਸ ਵਲੋਂ ਤਰੁੰਤ ਕਾਰਵਾਈ ਕਰਦਿਆਂ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵਲੋਂ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।