keep restraint celebrate festival october: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਹ ਸਥਿਤੀ ਸਤੰਬਰ ਮਹੀਨੇ ‘ਚ ਵੀ ਬਣੀ ਰਹਿ ਸਕਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕੋਰੋਨਾ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਪੂਰੀ ਵਾਹ ਲਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ‘ਚ ਵੀਕੈਂਡ ਕਰਫਿਊ ਹੋਵੇ ਜਾਂ ਬਾਜ਼ਾਰ ਖੋਲਣ ਲਈ ਓਡ-ਈਵਨ ਫਾਰਮੂਲਾ, ਸਾਰੀ ਕਵਾਇਦ ਕੋਰੋਨਾ ‘ਤੇ ਕੰਟਰੋਲ ਰੱਖਣ ਲਈ ਹੀ ਹੈ। ਪ੍ਰਸ਼ਾਸਨ ਦੀਆਂ ਨਜ਼ਰਾਂ ਵੀ ਜਨਤਾ ਦੇ ਸਹਿਯੋਗ ‘ਤੇ ਹੀ ਟਿਕੀ ਹੋਈ ਹੈ। ਦੱਸ ਦੇਈਏ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਫੇਸਬੁੱਕ ਪੇਜ ਲਾਈਵ ਦੌਰਾਨ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕੋਰੋਨਾ ਸਥਿਤੀ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸ਼ਹਿਰਵਾਸੀ ਸਤੰਬਰ ਮਹੀਨੇ ਦੌਰਾਨ ਨਿਯਮਾਂ ਦਾ ਪਾਲਣ ਕਰਨਗੇ ਤਾਂ ਅਕਤੂਬਰ ਮਹੀਨੇ ਦੌਰਾਨ ਤਿਉਹਾਰ ਮਨਾਉਣ ਦਾ ਮੌਕਾ ਮਿਲ ਸਕਦਾ ਹੈ।
ਉਨ੍ਹਾਂ ਨੇ ਤਰਕ ਦਿੱਤਾ ਹੈ ਕਿ ਜੇਕਰ ਸਤੰਬਰ ਮਹੀਨੇ ‘ਚ ਪ੍ਰਸ਼ਾਸਨ ਅਤੇ ਜਨਤਾ ਨੇ ਮਿਲ ਕੇ ਇਸ ਪੀਕ ਪੀਰੀਅਡ ਨੂੰ ਖਤਮ ਕਰ ਦਿੱਤਾ ਤਾਂ ਅਕਤੂਬਰ ਮਹੀਨੇ ‘ਚ ਸ਼ਹਿਰਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਤੂਬਰ ਮਹੀਨੇ ‘ਚ ਨਰਾਤਿਆਂ ਅਤੇ ਦੁਸ਼ਹਿਰਾ ਤਿਉਹਾਰ ਹੈ ਅਤੇ ਉਸ ਤੋਂ ਬਾਅਦ ਹੋਰ ਵੀ ਤਿਉਹਾਰ ਵੀ ਆਉਣਗੇ। ਇਸ ਦੌਰਾਨ ਸ਼ਹਿਰਵਾਸੀਆਂ ਦੇ ਲੋਕਾਂ ਨੂੰ ਸੰਕਲਪ ਲੈਣਾ ਹੋਵੇਗਾ ਕਿ ਉਹ ਸਤੰਬਰ ਮਹੀਨੇ ਦੌਰਾਨ ਪੂਰੀ ਗੰਭੀਰਤਾ ਨਾਲ ਕੋਰੋਨਾ ਖਿਲਾਫ ਜੰਗ ਲੜਨਗੇ। ਜਨਤਾ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਡੀ.ਸੀ ਨੇ ਦੱਸਿਆ ਹੈ ਕਿ ਹਸਪਤਾਲਾਂ ‘ਚ ਕੋਰੋਨਾ ਪੀੜਤ ਮਰੀਜ਼ਾਂ ਲਈ ਬੈਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਖੰਘ, ਬੁਖਾਰ ਅਤੇ ਹੋਰ ਲੱਛਣ ਦਿਸਣ ‘ਤੇ ਨੇੜੇ ਦੇ ਸੈਂਟਰ ‘ਚ ਜਾ ਕੇ ਕੋਰੋਨਾ ਦਾ ਟੈਸਟ ਕਰਵਾਉਣ। ਡੀ.ਸੀ. ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਰੋਜ਼ਾਨਾ ਸ਼ਹਿਰ ‘ਚ 4200 ਲੋਕਾਂ ਦੇ ਟੈਸਟ ਲਏ ਜਾ ਰਹੇ ਹਨ ਤਾਂ ਕਿ ਕੋਰੋਨਾ ਨਾਲ ਨਜਿੱਠਿਆ ਜਾ ਸਕੇ।