Khanna alcohal children police raid: ਲੁਧਿਆਣਾ (ਤਰਸੇਮ ਭਾਰਦਵਾਜ)-ਸੋਸ਼ਲ ਮੀਡੀਆਂ ‘ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਦਰਅਸਲ ਵੀਡੀਓ ‘ਚ ਕੁਝ ਛੋਟੇ ਬੱਚਿਆਂ ਨੂੰ ਸ਼ਰਾਬ ਦੀਆਂ ਥੈਲੀਆਂ ਵੇਚਦੇ ਦੇਖਿਆ ਗਿਆ। ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਇਹ ਵੀਡੀਓ ਖੰਨਾ ਸ਼ਹਿਰ ਦੀ ਪਾਈ ਗਈ, ਜਿੱਥੇ ਬੱਚੇ ਲਿਫਾਫੇ ‘ਚ ਸ਼ਰਾਬ ਵੇਚ ਰਹੇ ਸੀ। ਇਸ ਤੋਂ ਬਾਅਦ ਐਕਸਾਈਜ਼ ਮਹਿਕਮੇ ਅਤੇ ਪੁਲਿਸ ਵੱਲੋਂ ਖੰਨਾ ਦੇ ਮਾਡਲ ਟਾਊਨ ਦੇ ਵਿਕਾਸ ਨਗਰ, ਸਮਰਾਲਾ ਰੋਡ ਵਿਖੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ, ਹਾਲਾਂਕਿ ਪੁਲਿਸ ਦੇ ਛਾਪੇ ਤੋਂ ਪਹਿਲਾਂ ਹੀ ਬਹੁਤੇ ਲੋਕ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਨੂੰ 4 ਬੋਤਲਾਂ ਸ਼ਰਾਬ ਦੀਆਂ ਹੀ ਮਿਲੀਆਂ ਪਰ ਵੱਖ-ਵੱਖ ਘਰਾਂ ‘ਚੋਂ ਹਰਿਆਣਾ ਦੀ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਲਿਫ਼ਾਫੇ ਬਰਾਮਦ ਕੀਤੇ ਗਏ।
ਦੱਸਣਯੋਗ ਹੈ ਕਿ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਅਤੇ ਖੰਨਾ ਦੇ ਉੱਚ ਅਧਿਕਾਰੀਆਂ ਦੀ ਹਦਾਇਤ ‘ਤੇ ਮਾਡਲ ਟਾਊਨ, ਸਮਰਾਲਾ ਰੋਡ ਇਲਾਕੇ ‘ਚ ਭਾਰੀ ਫੋਰਸ ਸਮੇਤ ਛਾਪੇਮਾਰੀ ਕੀਤੀ।ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਾਇਦ ਪੁਲਿਸ ਦੀ ਕਾਰਵਾਈ ਦੀ ਸੂਚਨਾ ਮਿਲ ਗਈ ਸੀ, ਜਿਸ ਕਰਕੇ ਬਹੁਤੇ ਵਿਅਕਤੀ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ।
ਘਰਾਂ ‘ਚ ਕੋਈ ਪੁਰਸ਼ ਨਹੀਂ ਮਿਲਿਆ, ਜਿਸ ਕਰਕੇ ਜਨਾਨੀਆਂ ਦੀ ਮੌਜੂਦਗੀ ‘ਚ ਘਰਾਂ ਦੀ ਤਲਾਸ਼ੀ ਲਈ ਗਈ ਪਰ ਪੁਲਿਸ ਨਾਲ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਇਕ ਘਰ ਅੰਦਰ ਜਨਾਨੀ ਨਾਲ ਬਹਿਸ ਵੀ ਕਰਨੀ ਪਈ ਫਿਲਹਾਲ ਇਸ ਛਾਪੇਮਾਰੀ ਨਾਲ ਦੋਵੇਂ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।