Khanna child missing high court: ਲੁਧਿਆਣਾ (ਤਰਸੇਮ ਭਾਰਦਵਾਜ)- 23 ਦਿਨਾਂ ਤੋਂ ਖੰਨਾ ਦੇ ਅਮਲੋਹ ਰੋਡ ‘ਤੇ ਘਰ ਦੇ ਬਾਹਰ ਖੇਡ ਰਿਹਾ 4 ਸਾਲਾਂ ਬੱਚਾ ਅਰਮਾਨਦੀਪ ਨੂੰ ਅਗਵਾ ਕਰ ਲਿਆ ਗਿਆ ਸੀ ਜਿਸ ਦਾ ਹੁਣ ਤੱਕ ਕੋਈ ਸੁਰਾਖ ਨਹੀਂ ਮਿਲਿਆ। ਇਸ ਕਾਰਨ ਉਸ ਦੀ ਮਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਤੇ ਹੁਣ ਇਹ ਮਾਮਲਾ ਹਾਈਕੋਰਟ ‘ਚ ਪਹੁੰਚਣ ‘ਤੇ ਅਦਾਲਤ ਨੇ ਖੰਨਾ ਪੁਲਿਸ ਤੋਂ ਸਟੇਟਸ ਰਿਪੋਰਟ ਮੰਗੀ ਹੈ, ਹਾਲਾਂਕਿ ਪੁਲਿਸ ਨੇ ਅਗਵਾ ਹੋਏ ਬੱਚੇ ਦੀ ਮਾਂ ਦੀ ਸ਼ਿਕਾਇਤ ‘ਤੇ 15 ਸਤੰਬਰ ਨੂੰ ਬੱਚੇ ਦੇ ਪਿਤਾ ਸਮੇਤ ਕੁੱਲ 5 ਲੋਕਾਂ ਖਿਲਾਫ ਅਗਵਾ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ ਪਰ 23 ਦਿਨਾਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ।
ਮਾਮਲੇ ਨੂੰ ਲੈ ਕੇ ਬੱਚੇ ਦੀ ਮਾਂ ਰਮਿਤਾ ਰਾਣੀ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰ ਬੱਚੇ ਦੀ ਬਰਾਮਦਗੀ ਦੀ ਗੁਹਾਰ ਲਾਈ, ਜਿਸ ‘ਤੇ ਅਦਾਲਤ ਨੇ ਪੁਲਿਸ ਨੂੰ ਨੋਟਿਸ ਆਫ ਮੋਸ਼ਨ ਜਾਰੀ ਕਰ ਉਨ੍ਹਾਂ ਤੋਂ ਰਿਪੋਰਟ ਮੰਗੀ ਹੈ। ਪੁਲਿਸ ਤੋਂ ਬੱਚੇ ਨੂੰ ਰਿਕਵਰ ਕਰਨ ਲਈ ਹੁਣ ਤੱਕ ਕੀਤੀ ਗਈ ਕਾਰਵਾਈ ਦਾ ਬਿਓਰਾ 26 ਅਕਤੂਬਰ ਤੱਕ ਮੰਗਿਆ ਹੈ। ਇਸ ਦੇ ਨਾਲ ਰਮਿਤਾ ਰਾਣੀ ਨੇ ਐੱਸ.ਐੱਸ.ਪੀ ਖੰਨਾ ਨੂੰ ਇਕ ਸ਼ਿਕਾਇਤ ਦਿੰਦੇ ਹੋਏ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਉਸ ਦੇ ਪੁੱਤਰ ਨੂੰ ਕੋਈ ਨੁਕਸਾਨ ਹੋਇਆ ਤਾਂ ਪੁਲਿਸ, ਪੀੜਤਾਂ ਦਾ ਪਤੀ ਅਤੇ ਉਸ ਦੇ ਪਰਿਵਾਰਿਕ ਮੈਂਬਰ ਜ਼ਿੰਮੇਵਾਰ ਹੋਣਗੇ। ਮਾਂ ਵੱਲੋਂ ਆਪਣੇ ਪੁੱਤਰ ਨੂੰ ਜਲਦ ਤੋਂ ਜਲਦ ਬਰਾਮਦ ਕਰਨ ਦੀ ਗੁਹਾਰ ਲਾਈ ਗਈ ਹੈ।
ਜ਼ਿਕਰਯੋਗ ਹੈ ਕਿ ਖੰਨਾ ਦੇ ਨਿਊ ਮਾਡਲ ਟਾਊਨ ‘ਚ ਆਪਣੇ ਘਰ ਦੇ ਬਾਹਰ 11 ਸਤੰਬਰ ਦੀ ਸ਼ਾਮ ਨੂੰ ਖੇਡ ਰਹੇ ਅਰਮਾਨਦੀਪ ਨੂੰ ਇਕ ਸਕੂਟਰੀ ਸਵਾਰ ਵਿਅਕਤੀ ਚੁੱਕ ਕੇ ਲੈ ਗਿਆ ਸੀ। ਮਾਮਲੇ ‘ਚ 4 ਦਿਨ ਬਾਅਦ ਖੰਨਾ ਪੁਲਿਸ ਨੇ ਅਗਵਾ ਦੀ ਸਾਜ਼ਿਸ ਰਚਣ ਦੇ ਦੋਸ਼ ਤਹਿਤ ਪਿਤਾ ਸੁਖਪਾਲ ਸਿੰਘ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਦੋਸ਼ ਹੈ ਕਿ ਨਾਮਜ਼ਦ ਦੋਸ਼ੀਆਂ ਨੇ ਹੀ ਸਾਜ਼ਿਸ਼ ਤਹਿਤ ਕਿਸੇ ਅਣਪਛਾਤੇ ਵਿਅਕਤੀ ਰਾਹੀਂ ਅਰਮਾਨਦੀਪ ਨੂੰ ਅਗਵਾ ਕਰਵਾਇਆ।