kidnapped beaten adcp office: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬਦਮਾਸ਼ਾਂ ਇੰਨੇ ਬੇਖੌਫ ਹੋ ਗਏ ਹਨ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਇੱਥੇ ਇਕ ਕਾਰੋਬਾਰੀ ਨੂੰ ਏ.ਡੀ.ਸੀ.ਪੀ ਦਫਤਰ ਦੇ ਬਾਹਰੋ ਅਗਵਾ ਕਰ ਲਿਆ ਅਤੇ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਸੁੰਨਸਾਨ ਥਾਂ ‘ਤੇ ਸੁੱਟ ਦਿੱਤਾ। ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਪੀੜਤ ਕਾਰੋਬਾਰੀ ਚੰਡੀਗੜ੍ਹ ਰੋਡ ਵਾਸੀ ਅਰੁਣ ਕਪੂਰ ਨੇ ਦੱਸਿਆ ਹੈ ਕਿ ਮੋਹਿਤ ਖਿਲਾਫ ਪੈਸਿਆ ਦੇ ਲੈਣ ਦੇਣ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਸੀ , ਜਿਸ ਦੀ ਜਾਂਚ ਸਬੰਧੀ ਅਰੁਣ ਏ.ਡੀ.ਸੀ.ਪੀ ਦੇ ਦਫਤਰ ‘ਚ ਗਏ। ਅਰੁਣ ਕਪੂਰ ਆਪਣੀ ਸਿਟੀ ਹਾਂਡਾ ਕਾਰ ‘ਚ ਸਵਾਰ ਹੋ ਕੇ ਏ.ਡੀ.ਸੀ.ਪੀ ਦਫ਼ਤਰ ਤੋ ਆਪਣੇ ਘਰ ਵੱਲ ਨੂੰ ਨਿਕਲੇ। ਜਦੋਂ ਅਰੁਣ ਕਪੂਰ ਰਾਮ ਦਰਬਾਰ ਦੇ ਕੋਲ ਪਹੁੰਚੇ ਤਾਂ ਮੁਲਜ਼ਮ ਮੋਹਿਤ ਰਾਵਤ ਨੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਨੂੰ ਕਾਰ ਤੋਂ ਬਾਹਰ ਕੱਢ ਲਿਆ। ਮੋਹਿਤ ਰਾਵਤ ਨੇ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਅਰੁਣ ਕਪੂਰ ਨੂੰ ਸਫੈਦ ਰੰਗ ਦੀ ਕਾਰ ‘ਚ ਅਗਵਾ ਕਰ ਲਿਆ। ਮੁਲਜ਼ਮ ਕਾਰ ਦੇ ‘ਚ ਹੀ ਅਰੁਣ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਏ। ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਅਰੁਣ ਕਪੂਰ ਨੂੰ ਵਰਧਮਾਨ ਚੌਕ ਦੇ ਲਾਗੇ ਪੈਂਦੀਆਂ ਝਾੜੀਆਂ ‘ਚ ਸੁੱਟ ਦਿੱਤਾ। ਇਸ ਮਾਮਲੇ ‘ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਰੁਣ ਕਪੂਰ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੁਨੀਤਾ ਕੌਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।