liquor haryana parcel van arrested: ਲੁਧਿਆਣਾ (ਤਰਸੇਮ ਭਾਰਦਵਾਜ)-ਨਸ਼ਾ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅਜਿਹੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਨਕਲੀ ਪਾਰਸਲ ਗੱਡੀ ਬਣਾ ਕੇ ਹਰਿਆਣਾ ਤੋਂ ਸ਼ਰਾਬ ਲਿਆਉਂਦੇ ਸੀ ਅਤੇ ਪੰਜਾਬ ਦੇ ਕਈ ਥਾਵਾਂ ‘ਤੇ ਵੇਚਦੇ ਸੀ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੀ ਐਂਟੀ ਸਮੱਗਲਿੰਗ ਸੈੱਲ ਦੀ ਟੀਮ ਕਾਰਵਾਈ ਕਰਦੇ ਹੋਏ ਇਨ੍ਹਾਂ ਸਮੱਗਲਰਾਂ ਨੂੰ ਸਮਰਾਲਾ ਚੌਂਕ ਕੋਲੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਲਜ਼ਮਾਂ ਕੋਲੋਂ 80 ਪੇਟੀਆਂ ਨਜ਼ਾਇਜ ਸ਼ਰਾਬ ਅਤੇ ਇਕ ਮਾਰੂਤੀ ਕਾਰ ਵੀ ਬਰਾਮਦ ਕੀਤੀ ਹੈ।
ਇਸ ਮਾਮਲੇ ਸਬੰਧੀ ਐੱਸ.ਆਈ. ਯਸ਼ਪਾਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਨਿਰਭੈ ਸਿੰਘ ਨਿਵਾਸੀ ਬਰਨਾਲਾ, ਨਵਦੀਪ ਨਿਵਾਸੀ ਬਰਨਾਲਾ, ਪ੍ਰਦੀਪ ਕੁਮਾਰ ਬਿੱਟੂ ਕੁਮਾਰ, ਪ੍ਰੇਮ ਕੁਮਾਰ ਅਤੇ ਸੁਮਿਤ ਕੁਮਾਰ ਨਿਵਾਸੀ ਰਾਜੀਵ ਗਾਂਧੀ ਕਾਲੋਨੀ ਵਜੋਂ ਹੋਈ ਹੈ ਜਦਕਿ ਸਰਗਣਾ ਹਰਜਿੰਦਰ ਸਿੰਘ ਨਿਵਾਸੀ ਬਸੰਤ ਐਵੇਨਿਊ ਫਰਾਰ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਾਰੇ ਮੁਲਜ਼ਮ ਹਰਿਆਣਾ ਤੋਂ ਸਸਤੇ ਰੇਟ ‘ਤੇ ਸ਼ਰਾਬ ਲਿਆ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਸਪਲਾਈ ਕਰਦੇ ਸਨ। ਪੁਲਿਸ ਤੋਂ ਬਚਣ ਲਈ ਕੋਰੀਅਰ ਕੰਪਨੀ ਦਾ ਟਰੱਕ ਵਰਤਦੇ ਸਨ ਕਿਉਂਕਿ ਚਾਰੇ ਪਾਸਿਓ ਬੰਦ ਹੋਣ ਕਾਰਨ ਅੰਦਰ ਪਿਆ ਸਾਮਾਨ ਦਿਖਾਈ ਨਹੀਂ ਦਿੰਦਾ ਸੀ। ਇਸ ਦੇ ਨਾਲ ਹੀ ਟਰੱਕ ਦੇ ਅੱਗੇ ਸਮੱਗਲਰਾਂ ਵੱਲ਼ੋਂ ਆਪਣੀਆਂ ਮਾਰੂਤੀ ਕਾਰ ਨੂੰ ਪਾਇਲਟ ਵਜੋਂ ਵਰਤਿਆ ਜਾਂਦਾ ਸੀ ਤਾਂ ਕਿ ਨਾਕਾ ਦੇਖ ਕੇ ਟਰੱਕ ਨੂੰ ਪਿੱਛੋ ਰੋਕਿਆ ਜਾ ਸਕੇ।