ludhiana august received rainfall: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਇਸ ਸਾਲ ਸਮੇਂ ਸਿਰ ਮਾਨਸੂਨ ਐਕਟਿਵ ਹੋ ਗਿਆ ਸੀ, ਜਿਸ ਨਾਲ ਇਸ ਸਾਲ ਜੁਲਾਈ ਮਹੀਨੇ ਪਿਛਲੇ ਸਾਲ ਨਾਲੋਂ ਭਾਵੇਂ ਵੱਧ ਮੀਂਹ ਪਏ ਹਨ ਪਰ ਅਗਸਤ ਮਹੀਨੇ ਹੁਣ ਤੱਕ ਸਿਰਫ਼ 130 ਐੱਮ.ਐੱਮ ਮੀਂਹ ਪਿਆ ਹੈ, ਜੋ ਔਸਤ ਨਾਲੋਂ ਘੱਟ ਹੈ। ਲੁਧਿਆਣਾ ‘ਚ ਕਦੇ ਤਿੱਖੀ ਧੁੱਪ ਅਤੇ ਕਦੇ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਸੀ। ਪੀ.ਏ.ਯੂ ਦੇ ਮੌਸਮ ਵਿਭਾਗ ਮਾਹਿਰਾਂ ਵੱਲੋਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ 27 ਅਤੇ 28 ਅਗਸਤ ਨੂੰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਕੋਰੋਨਾ ਕਰਕੇ ਡਾਇੰਗਾਂ ਅਤੇ ਉਦਯੋਗਿਕ ਅਦਾਰੇ ਬੰਦ ਰਹਿਣ ਕਰਕੇ ਵਾਤਾਵਰਨ ‘ਚ ਨਿਖਾਰ ਆਇਆ ਹੈ।
ਮਾਹਿਰਾਂ ਮੁਤਾਬਕ ਜੁਲਾਈ ਮਹੀਨੇ ‘ਚ ਔਸਤਨ 216 ਐੱਮ.ਐੱਮ ਮੀਂਹ ਪੈਂਦੇ ਹਨ ਪਰ 2019 ‘ਚ 218 ਐੱਮ.ਐੱਮ ਅਤੇ ਇਸ ਸਾਲ 2020 ‘ਚ 232 ਐੱਮ.ਐੱਮ ਮੀਂਹ ਪਿਆ। ਇਸੇ ਤਰ੍ਹਾਂ ਅਗਸਤ ਮਹੀਨੇ ਔਸਤਨ 194 ਐੱਮ.ਐੱਮ ਮੀਂਹ ਪੈਂਦਾ ਹੈ ਪਰ ਪਿਛਲੇ ਸਾਲ ਇਸ ਮਹੀਨੇ 331 ਐੱਮ.ਐੱਮ ਮੀਂਹ ਪਿਆ ਸੀ। ਇਸ ਸਾਲ ਅਗਸਤ ਮਹੀਨਾ ਵੀ ਖਤਮ ਹੋਣ ਵਾਲਾ ਹੈ ਪਰ ਹੁਣ ਤੱਕ ਸਿਰਫ਼ 130 ਐੱਮ.ਐੱਮ ਮੀਂਹ ਪਿਆ ਹੈ, ਜੋ ਔਸਤਨ ਨਾਲੋਂ 64 ਐੱਮ.ਐੱਮ ਘੱਟ ਹੈ। ਪੀ.ਏ.ਯੂ ਦੇ ਮੌਸਮ ਵਿਭਾਗ ਦੀ ਮਾਹਿਰ ਡਾ. ਕੇਕੇ ਗਿੱਲ ਨੇ ਦੱਸਿਆ ਕਿ ਆਉਂਦੀ 27 ਅਤੇ 28 ਅਗਸਤ ਨੂੰ ਲੁਧਿਆਣਾ ਸਮੇਤ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਸਤ ‘ਚ ਵੀ ਔਸਤਨ ਮੀਂਹ ਪੈ ਸਕਦਾ ਹੈ।