ludhiana clean machines minister ashu: ਲੁਧਿਆਣਾ (ਤਰਸੇਮ ਭਾਰਦਵਾਜ)- ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ਹਿਰ ਦੇ ਸਰਾਭਾ ਨਗਰ ਮਾਰਕੀਟ ਅਤੇ ਮਾਲ ਰੋਡ ਖੇਤਰਾਂ ‘ਚ ਮਸ਼ੀਨੀ ਤੌਰ ‘ਤੇ ਸਵੀਪਿੰਗ ਮਸ਼ੀਨਾਂ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਈ-ਰਿਕਸ਼ਾ ਦੇ ਕੰਮ ਦਾ ਵੀ ਨਿਰੀਖਣ ਕੀਤਾ, ਜਿਨ੍ਹਾਂ ਨੂੰ ਸ਼ਹਿਰ ‘ਚ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੇਵਾ ‘ਚ ਲਗਾਉਣ ਦੀ ਤਜਵੀਜ਼ ਹੈ।ਇਸ ਮੌਕੇ ਉਨ੍ਹਾਂ ਨਾਲ ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ ਸਮੇਤ ਕਈ ਹੋਰ ਅਫਸਰ ਵੀ ਪਹੁੰਚੇ।
ਇਸ ਮੌਕੇ ਪਹੁੰਚੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਸ਼ਹਿਰਵਾਸੀਆਂ ਨੂੰ ਉੱਤਮ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ ਦੀਆਂ ਸੜਕਾਂ ਅਤੇ ਫੁੱਟਪਾਥਾਂ ਨੂੰ ਮਸ਼ੀਨਾਂ ਰਾਹੀਂ ਸਫਾਈ ਕਰਵਾਉਣ ਲਈ ਤਤਪਰ ਹਨ। ਵੱਖ-ਵੱਖ ਕੰਪਨੀਆਂ ਵੱਲੋਂ ਅਜਿਹੀਆਂ ਮਸ਼ੀਨਾਂ ਦੀ ਜਾਂਚ ਅੱਜ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ‘ਚ ਕੀਤੀ ਗਈ, ਜਿਸ ਤੋਂ ਬਾਅਦ ਇੱਕ ਤੁਲਨਾਤਮਕ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਅੰਤਮ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਸਵੀਪਿੰਗ ਮਸ਼ੀਨਾਂ ਦੀ ਮਦਦ ਨਾਲ ਸਾਰਾ ਪਾਰਕਿੰਗ ਏਰੀਆ ਅਤੇ ਸਰਾਭਾ ਨਗਰ ਮਾਰਕੀਟ ਦੇ ਪੈਦਲ ਰਸਤੇ ਨੂੰ ਸਾਫ ਕੀਤਾ ਗਿਆ ਹੈ। ਇਸ ਤੋਂ ਬਾਅਦ ‘ਚ, ਉਨ੍ਹਾਂ ਵੱਲੋਂ ਸਥਾਨਕ ਮਾਲ ਰੋਡ ‘ਤੇ ਇਨ੍ਹਾਂ ਮਸ਼ੀਨਾਂ ਦੇ ਕੰਮ ਦਾ ਨਿਰੀਖਣ ਵੀ ਕੀਤਾ ਗਿਆ।ਇਸ ਮੌਕੇ ਮੰਤਰੀ ਆਸ਼ੂ ਨੇ ਈ-ਰਿਕਸ਼ਾ ਦੇ ਕੰਮ ਦਾ ਨਿਰੀਖਣ ਵੀ ਕੀਤਾ, ਜਿਨ੍ਹਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਠੋਸ ਰਹਿੰਦ-ਖੂੰਹਦ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਸਭ ਤੋਂ ਵਧੀਆ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਅਜਿਹੀਆਂ ਕਈ ਯੋਜਨਾਵਾਂ ਚੱਲ ਰਹੀਆਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ, ਰਿਸ਼ੀ ਨਗਰ, ਰਾਜਗੁਰੂ ਨਗਰ, ਸੰਤ ਈਸ਼ਰ ਸਿੰਘ ਨਗਰ ਦੇ ਨਾਲ-ਨਾਲ ਸ਼ਹਿਰ ਦੇ ਕਈ ਹੋਰ ਇਲਾਕਿਆਂ ‘ਚ ਵੀ ਜਲਦ ਹੀ ਮਸ਼ੀਨਾਂ ਰਾਹੀਂ ਸਫਾਈ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਸਰਾਭਾ ਨਗਰ ਮਾਰਕੀਟ ਨੂੰ ਸਮਾਰਟ ਮਾਰਕੀਟ ਵਜੋਂ ਵਿਕਸਤ ਕੀਤਾ ਗਿਆ ਹੈ।ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨਗੇ ਅਤੇ ਕਿਸੇ ਵੀ ਖਾਮੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਜਨਤਕ ਪੈਸਾ ਬਰਬਾਦ ਨਾ ਕੀਤਾ ਜਾਵੇ ਅਤੇ ਵਧੀਆ ਵਰਤੋਂ ‘ਚ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਸ਼ਹਿਰ ਨੂੰ ਕੇਂਦਰ ਸਰਕਾਰ ਵੱਲੋਂ 26 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਕੇਂਦਰ ਵੱਲੋਂ ਏਅਰ ਕੁਆਲਿਟੀ ਇੰਡੈਕਸ ‘ਚ ਸੁਧਾਰ ਕਰਨ ਲਈ ਇਹ ਬਜਟ ਦਿੱਤਾ ਗਿਆ ਹੈ।
ਇਹ ਵੀ ਦੇਖੋ–