Ludhiana Completed UPSC examination: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ 17 ਕੇਂਦਰਾਂ ‘ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੀ ਪ੍ਰੀਖਿਆ ਹੋਈ, ਜਿਸ ‘ਚ 6120 ਉਮੀਦਵਾਰਾਂ ਵੱਲੋਂ ਦਿੱਤੀ ਗਈ। ਇਨ੍ਹਾਂ ‘ਚ ਸਵੇਰ ਦੇ ਸਮੇਂ 3261 ਉਮੀਦਵਾਰਾਂ ਨੇ ਪੇਪਰ ਦਿੱਤਾ ਜਿਸ ‘ਚ 1668 ਲੜਕੇ ਤੇ 1191 ਲੜਕੀਆਂ ਸ਼ਾਮਿਲ ਸਨ ਜਦਕਿ ਸ਼ਾਮ ਦੇ ਪੇਪਰ ‘ਚ 6120 ‘ਚੋਂ 3280 ਉਮਦੀਵਾਰਾਂ ਨੇ ਪੇਪਰ ਦਿੱਤਾ, ਜਿਸ ‘ਚੋਂ 1659 ਲੜਕੇ ਤੇ 1181 ਲੜਕੀਆਂ ਸ਼ਾਮਿਲ ਸਨ।
ਦੱਸਣਯੋਗ ਹੈ ਕਿ ਯੂ.ਪੀ.ਐਸ.ਸੀ. ਦੀ 3 ਗੇੜਾਂ ‘ਚ ਹੋਣ ਵਾਲੀ ਪ੍ਰੀਖਿਆ ਦਾ ਪਹਿਲਾ ਗੇੜ ਮੁੱਢਲੀ ਪ੍ਰੀਖਿਆ ਹੁੰਦਾ ਹੈ, ਜਦਕਿ ਦੂਸਰਾ ਗੇੜ ਗੇਨ ਤੇ ਤੀਸਰਾ ਗੇੜ ਇੰਟਰਵਿਊ ਦਾ ਹੁੰਦਾ ਹੈ, ਜਿਹੜਾ ਉਮੀਦਵਾਰ ਤਿੰਨੇ ਗੇੜ ਪਾਰ ਕਰ ਲੈਂਦਾ ਹੈ, ਉਸ ਦੀ ਦੇਸ਼ ਭਰ ‘ਚੋਂ ਰੈਂਕਿੰਗ ਦੇ ਹਿਸਾਬ ਨਾਲ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ., ਆਈ.ਆਰ.ਐਸ. ਸਮੇਤ ਵੱਖ-ਵੱਖ ਅਹੁਦਿਆਂ ਲਈ ਚੋਣ ਕੀਤੀ ਜਾਂਦੀ ਹੈ। ਪ੍ਰੀਖਿਆ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੋਡਲ ਅਧਿਕਾਰੀ ਅਤੇ ਨਗਰ ਨਿਗਮ ਲੁਧਿਆਣਾ ਦੇ ਅਡੀਸ਼ਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਸਹਾਇਕ ਨੋਡਲ ਅਧਿਕਾਰੀ ਸਨ ਜਦਕਿ ਡਾਕਘਰਾਂ ਦੀ ਉਚ ਅਧਿਕਾਰੀ ਆਰਤੀ ਵਰਮਾ ਨੂੰ ਪ੍ਰੀਖਿਆ ਸਮੱਗਰੀ ਜਮ੍ਹਾਂ ਕਰਵਾਉਣ ਲਈ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।
ਜ਼ਿਕਰਯੋਗ ਹੈ ਕਿ 2019 ‘ਚ ਲੁਧਿਆਣਾ ਜ਼ਿਲ੍ਹੇ ‘ਚ 39 ਕੇਂਦਰ ਬਣੇ ਸਨ ਅਤੇ 17000 ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ ਪਰ ਇਸ ਵਾਰ 6120 ਉਮੀਦਵਾਰ ਹੀ ਪੇਪਰ ਦੇਣ ਲਈ ਪੁੱਜੇ, ਜਿਸ ਕਰਕੇ ਸਿਰਫ਼ 17 ਕੇਂਦਰ ਹੀ ਬਣਾਏ ਗਏ ਸਨ। ਅੱਜ ਦੋ ਗੇੜਾਂ ‘ਚ ਪੇਪਰ ਹੋਇਆ। ਪਹਿਲਾ ਪੇਪਰ ਸਵੇਰੇ 9:30 ਤੋਂ 11:30 ਵਜੇ ਅਤੇ ਦੂਸਰਾ ਪੇਪਰ 2:30 ਤੋਂ 4:30 ਤੱਕ ਹੋਇਆ। ਪ੍ਰੀਖਿਆ ਦੇਣ ਲਈ ਆਏ ਉਮੀਦਵਾਰਾਂ ਦਾ ਇਨਫ਼ਰਾਰੈਡ ਥਰਮਾਮੀਟਰ ਨਾਲ ਤਾਪਮਾਨ ਦੇਖਿਆ ਗਿਆ ਤੇ ਹੱਥ ਸੈਨੀਟਾਈਜ਼ਰ ਕਰਵਾਉਣ ਤੋਂ ਬਾਅਦ ਪ੍ਰੀਖਿਆ ਕੇਂਦਰ ‘ਚ ਦਾਖ਼ਲ ਹੋਣ ਦਿੱਤਾ ਗਿਆ।