Ludhiana Corona Healthy DC: ਲੁਧਿਆਣਾ (ਤਰਸੇਮ ਭਾਰਦਵਾਜ)- ਭਾਵੇ ਮਹਾਨਗਰ ‘ਚ ਕੋਰੋਨਾਵਾਇਰਸ ਦਾ ਪੀਕ ਦੌਰ ਚੱਲ ਰਿਹਾ ਹੈ ਪਰ ਇਸ ਦੌਰਾਨ ਥੋੜ੍ਹੀ ਰਾਹਤ ਭਰੀ ਖਬਰ ਵੀ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਭਰ ‘ਚ 73 ਫੀਸਦੀ ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰ ਜਾ ਚੁੱਕੇ ਹਨ।ਦੱਸ ਦੇਈਏ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਜਿਲ੍ਹੇ ‘ਚ ਕੋਰੋਨਾ ਨਾਲ 11 ਲੋਕਾਂ ਨੇ ਦਮ ਤੋੜਿਆ, ਉੱਥੇ ਹੀ 173 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਹੋਈ ਹੈ। ਇਸ ਦੇ ਨਾਲ 514 ਲੋਕ ਸਿਹਤਯਾਬ ਵੀ ਹੋਏ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਮੂਲੀ ਜਿਹੇ ਮਹਾਮਾਰੀ ਦੇ ਲੱਛਣ ਦਿਸਣ ਤੇ ਵੀ ਉਨ੍ਹਾਂ ਨੂੰ ਤਰੁੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 106997 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 99708 ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ। ਇਨ੍ਹਾਂ ‘ਚ 89979 ਸੈਂਪਲ ਨੈਗੇਟਿਵ ਆਏ ਹਨ ਅਤੇ 7289 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਜ਼ਿਲ੍ਹੇ ਭਰ ‘ਚ 5722 ਮਰੀਜ਼ ਹੁਣ ਵੀ ਹੋਮ ਆਈਸੋਲੇਸ਼ਨ ‘ਚ ਭੇਜੇ ਗਏ ਹਨ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਿੱਥੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਵੱਲੋਂ ਵਰਤੀ ਥੋੜ੍ਹੀ ਜਿਹੀ ਢਿੱਲ ‘ਤੇ ਸਖਤੀ ਕਰਨ ਦੀ ਗੱਲ਼ ਵੀ ਕੀਤੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਭਰ ‘ਚ ਸਿਹਤ ਵਿਭਾਗ ਵੱਲੋਂ ਸੈਂਪਲਾਂ ਦੀ ਗਿਣਤੀ ‘ਚ ਰਿਕਾਰਡ ਤੋੜ ਕੀਤੇ ਵਾਧੇ ਅਤੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੇ ਮੱਦੇਨਜ਼ਰ ਉਨ੍ਹਾਂ ਦੀ ਸ਼ਲਾਘਾ ਕੀਤੀ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਡਾਕਟਰ ਜਾਂ ਸੰਸਥਾ ਖਿਲਾਫ ਕੋਈ ਸ਼ਿਕਾਇਤ ਮਿਲੀ ਤਾਂ ਉਸ ਖਿਲਾਫ ਰਾਸ਼ਟਰੀ ਆਫਤ ਪ੍ਰਬੰਧਨ ਐਕਟ ਅਤੇ ਇਪੇਡੇਮਿਕ ਡਿਸੀਜ਼-1897 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।